ਆਸ਼ੀਰਵਾਦ ਸਕੀਮ ਦੇ ਭੁਗਤਾਨ ਲਈ 70.72 ਕਰੋੜ ਰੁਪਏ ਜਾਰੀ

Friday, Aug 02, 2019 - 06:26 PM (IST)

ਆਸ਼ੀਰਵਾਦ ਸਕੀਮ ਦੇ ਭੁਗਤਾਨ ਲਈ 70.72 ਕਰੋੜ ਰੁਪਏ ਜਾਰੀ

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਲੰਬਿਤ ਪਏ ਭੁਗਤਾਨ ਵਾਸਤੇ 70.72 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਨਵਰੀ, 2019 ਤੋਂ ਮਈ 2019 ਤੱਕ ਆਸ਼ੀਰਵਾਦ ਸਕੀਮ ਦੇ ਹੇਠ 33677 ਲਾਭਪਾਤਰੀਆਂ ਦਾ ਭੁਗਤਾਨ ਲੰਬਿਤ ਪਿਆ ਹੋਇਆ ਸੀ। ਇਨ੍ਹਾਂ ਕੁਲ ਲਾਭਪਾਤਰੀਆਂ ਵਿੱਚੋਂ ਐੱਸ. ਸੀ. ਸ਼੍ਰੇਣੀ ਦੇ 24167, ਬੀ. ਸੀ. ਦੇ 9510 ਅਤੇ ਬਾਕੀ ਆਰਥਿਕ ਤੌਰ 'ਤੇ ਪੱਛੜੇ ਵਰਗਾਂ ਦੇ ਹਨ। ਇਹ ਰਕਮ ਜਾਰੀ ਹੋਣ ਨਾਲ ਇਨ੍ਹਾਂ ਵਰਗਾਂ ਨੂੰ ਹੁਣ ਭੁਗਤਾਨ ਹੋ ਜਾਵੇਗਾ। ਸਮਾਜ ਦੇ ਗ਼ਰੀਬ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਲਾਗੂ ਕਰਨ 'ਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਆਸ਼ੀਰਵਾਦ ਸਕੀਮ ਦਾ ਬਕਾਇਆ ਪਈ 72 ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।  ਮੁੱਖ ਮੰਤਰੀ ਨੇ ਸਮਾਜ ਕਲਿਆਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪਿਛਲੇ ਦਿਨੀਂ ਬੈਠਕ ਕੀਤੀ ਸੀ। ਜਿਸ ਦੌਰਾਨ ਉਨ੍ਹਾਂ ਦੇ ਧਿਆਨ 'ਚ ਆਸ਼ੀਰਵਾਦ ਸਕੀਮ ਦੀ ਬਕਾਇਆ ਪਈ ਰਕਮ ਦਾ ਮਾਮਲਾ ਸਮਾਜ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਲਿਆਇਆ ਗਿਆ ਸੀ। ਮੁੱਖ ਮੰਤਰੀ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਕਿੰਨੀ ਰਕਮ ਬਕਾਇਆ ਪਈ ਹੋਈ ਹੈ ਤਾਂ ਸਬੰਧਤ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਸਮਾਜ ਕਲਿਆਣ ਵਿਭਾਗ ਵਿੱਤ ਵਿਭਾਗ ਤੋਂ 72 ਕਰੋੜ ਰੁਪਏ ਦੀ ਰਕਮ ਮੰਗ ਰਿਹਾ ਹੈ। ਇਸ 'ਤੇ ਮੁੱਖ ਮੰਤਰੀ ਨੇ ਤੁਰੰਤ ਵਿੱਤ ਵਿਭਾਗ ਦੇ ਸਕੱਤਰ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਉਹ ਆਸ਼ੀਰਵਾਦ ਸਕੀਮ ਦਾ ਬਕਾਇਆ ਤੁਰੰਤ ਕਲੀਅਰ ਕਰੇ।


Related News