ਕੈਪਟਨ ਸਣੇ ਸਾਬਕਾ ਫ਼ੌਜੀਆਂ ਨੇ ਪ੍ਰਗਟਾਈ ਨਵੀਂ ਭਰਤੀ ਯੋਜਨਾ ‘ਅਗਨੀਪਥ’ ’ਤੇ ਚਿੰਤਾ
Thursday, Jun 16, 2022 - 11:51 AM (IST)
ਜਲੰਧਰ (ਨੈਸ਼ਨਲ ਡੈਸਕ)– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਾਬਕਾ ਫ਼ੌਜੀ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੀ ਜ਼ਮੀਨੀ ਫ਼ੌਜ, ਸਮੁੰਦਰੀ ਫ਼ੌਜ ਅਤੇ ਹਵਾਈ ਫ਼ੌਜ ਵਿਚ ਫ਼ੌਜੀਆਂ ਦੀ ਭਰਤੀ ਸੰਬੰਧੀ ‘ਅਗਨੀਪਥ’ ਯੋਜਨਾ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸ ਯੋਜਨਾ ਤਹਿਤ ਫ਼ੌਜੀਆਂ ਦੀ ਭਰਤੀ ਚਾਰ ਸਾਲ ਦੀ ਮਿਆਦ ਲਈ ਕਾਨਟ੍ਰੈਕਟ ਬੇਸ ’ਤੇ ਕੀਤੀ ਜਾਵੇਗੀ। ਹਾਲਾਂਕਿ ਕੈਪਟਨ ਅਮਰਿੰਦਰ ਸਮੇਤ ਕਈ ਸਾਬਕਾ ਫ਼ੌਜੀ ਅਧਿਕਾਰੀਆਂ ਨੂੰ ਭਰਤੀ ਯੋਜਨਾ ਪਸੰਦ ਨਹੀਂ ਆਈ ਹੈ।
ਰੈਜੀਮੈਂਟਸ ਦੀ ਹੋਂਦ ਨੂੰ ਖਤਰਾ
ਸਿੱਖ ਰੈਜੀਮੈਂਟ ਵਿਚ ਆਪਣੀ ਸੇਵਾ ਦੇ ਚੁੱਕੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫੌਜੀ ਭਰਤੀ ਦੀ ਨਵੀਂ ਪ੍ਰਕਿਰਿਆ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਿੱਖ ਰੈਜੀਮੈਂਟ, ਸਿੱਖ ਲਾਈਟ ਇਨਫੈਂਟਰੀ, ਗੋਰਖਾ ਰਾਈਫਲਸ, ਰਾਜਪੂਤ ਰੈਜੀਮੈਂਟ, ਜਾਟ ਰੈਜੀਮੈਂਟ ਆਦਿ ਸਿੰਗਲ ਕਲਾਸ ਰੈਜੀਮੈਂਟਾਂ ਦੀ ਹੋਂਦ ਲਈ ਖਤਰੇ ਦੀ ਘੰਟੀ ਹੈ।
ਇਹ ਭਰਤੀ ‘ਅਖਿਲ ਭਾਰਤੀ, ਅਖਿਲ ਵਰਗ’ (ਆਲ ਇੰਡੀਆ ਆਲ ਕਲਾਸ) ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਰੈਜੀਮੈਂਟਾਂ ਦੇ ਬੁਨਿਆਦੀ ਢਾਂਚੇ ਵਿਚ ਬਦਲਾਅ ਆਵੇਗਾ, ਜੋ ਵਿਸ਼ੇਸ਼ ਖੇਤਰਾਂ ਤੋਂ ਭਰਤੀ ਕਰਨ ਤੋਂ ਇਲਾਵਾ ਰਾਜਪੂਤਾਂ, ਜਾਟਾਂ ਅਤੇ ਸਿੱਖਾਂ ਵਰਗੇ ਭਾਈਚਾਰਿਆਂ ਦੇ ਨੌਜਵਾਨਾਂ ਦੀ ਭਰਤੀ ਕਰਦੀਆਂ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼
80 ਦੇ ਦਹਾਕੇ ’ਚ ਫੇਲ ਹੋ ਚੁੱਕਾ ਹੈ ਐਕਸਪੈਰੀਮੈਂਟ
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਕਾਰਨ ਮੈਨੂੰ ਸਮਝ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਗਲ ਕਲਾਸ ਰੈਜੀਮੈਂਟ ਦੇ ਨਾਲ ਆਲ ਇੰਡੀਆ ਆਲ ਕਲਾਸ ਐਕਸਪੈਰੀਮੈਂਟ 80 ਦੇ ਦਹਾਕੇ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਅਸਫਲ ਰਿਹਾ ਸੀ। ਕੈਪਟਨ ਨੇ ਸਵਾਲ ਕਰਦੇ ਹੋਏ ਕਿਹਾ ਕਿ ਉਕਤ ਰੈਜੀਮੈਂਟਾਂ ਆਪਣੇ ਮੌਜੂਦਾ ਮਾਹੌਲ ਵਿਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਤਾਂ ਇਨ੍ਹਾਂ ਨੂੰ ਕਿਉਂ ਬਦਲੀਏ? ਮੈਂ ਇਸ ਕਦਮ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਇਨ੍ਹਾਂ ਰੈਜੀਮੈਂਟਾਂ ਦੀਆਂ ਆਪਣੀਆਂ ਰਵਾਇਤਾਂ ਅਤੇ ਜਿਊਣ ਦਾ ਤਰੀਕਾ ਹੁੰਦਾ ਹੈ ਅਤੇ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਕਿਵੇਂ ਉਹ ਸਭ ਕਰਨ ਦੀ ਕਿਵੇਂ ਉਮੀਦ ਕਰ ਸਕਦੇ ਹੋ, ਜੋ ਉਸ ਪਿਛੋਕੜ ਤੋਂ ਨਹੀਂ ਹੈ। ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਚਾਰ ਸਾਲ ਦੇ ਕਾਰਜਕਾਲ ਦੇ ਨਾਲ ਇਕ ਫੌਜੀ ਕੋਲ ਮੈਦਾਨ ਵਿਚ ਜਾਣ ਤੋਂ ਪਹਿਲਾਂ ਫ਼ੌਜੀਆਂ ਦੇ ਬੁਨਿਆਦੀ ਤਜਰਬੇ ਨੂੰ ਇਕੱਠਾ ਕਰਨ ਲਈ ਮੁਸ਼ਕਲ ਨਾਲ ਲੋੜੀਂਦਾ ਸਮਾਂ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਫੌਜੀ ਲਈ ਅਤਿਆਧੁਨਿਕ ਰੂਪ ਨਾਲ ਪ੍ਰਭਾਵਸ਼ਾਲੀ ਹੋਣ ਲਈ ਚਾਰ ਸਾਲ ਬਹੁਤ ਘੱਟ ਸਮਾਂ ਹੈ।
ਨੇਪਾਲ ਭਾਰਤ ਸੰਬੰਧਾਂ ’ਤੇ ਅਸਰ
ਇਸ ਘਟਨਾਚੱਕਰ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੱਛਮੀ ਕਮਾਨ ਦੇ ਸਾਬਕਾ ਜੀ. ਓ. ਸੀ -ਇਨ-ਸੀ ਲੈਫਟੀਨੈਂਟ ਜਨਰਲ ਤੇਜ ਸਪਰੂ (ਸੇਵਾਮੁਕਤ) ਨੇ ਕਿਹਾ ਕਿ ਨਵੇਂ ਕਦਮ ਨਾਲ ਭਾਰਤ-ਨੇਪਾਲ ਸੰਬੰਧਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵਿਚ ਕਾਰਜਸ਼ੀਲ ਨੇਪਾਲੀ ਨਾਗਰਿਕ ਫ਼ੌਜੀ ਆਪਣੀ ਤਨਖਾਹ ਅਤੇ ਪੈਨਸ਼ਨ ਰਾਹੀਂ ਨੇਪਾਲੀ ਅਰਥ ਵਿਵਸਥਾ ਵਿਚ ਇਕ ਮੁੱਖ ਯੋਗਦਾਨ ਦਿੰਦੇ ਹਨ। ਉਹ ਉਨ੍ਹਾਂ ਪਿੰਡਾਂ ਵਿਚ ਵੀ ਭਾਰਤ ਦੇ ਮਹੱਤਵਪੂਰਨ ਰਾਜਦੂਤ ਹਨ ਜਿਥੇ ਉਹ ਰਹਿੰਦੇ ਹਨ। ਇਹੀ ਇਕ ਕਾਰਨ ਹੈ ਕਿ ਚੀਨੀ ਨੇਪਾਲੀ ਸਮਾਜ ਵਿਚ ਜ਼ਿਆਦਾ ਪੈਠ ਨਹੀਂ ਬਣਾ ਸਕੇ ਹਨ। ਸਾਰੇ ਵਰਗ ਦੀ ਭਰਤੀ ਰਾਹੀਂ ਉਨ੍ਹਾਂ ਦੀ ਭਰਤੀ ਵਿਚ ਕਟੌਤੀ ਅਤੇ ਫਿਰ ਸੇਵਾ ਦੇ ਸਾਲਾਂ ਨੂੰ ਘੱਟ ਕਰ ਕੇ ਨੇਪਾਲ-ਭਾਰਤ ਸੰਬੰਧਾਂ ਵਿਚ ਵੱਡਾ ਬਦਲਾਅ ਹੋ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ
ਕਿੰਡਰਗਾਰਟਨ ਆਰਮੀ ਦੀ ਦਿੱਤੀ ਸ਼੍ਰੇਣੀ
ਇਕ ਸਾਬਕਾ ਆਈ. ਜੀ. ਆਰਟਿਲਰੀ ਲੈਫ਼ਟੀਨੈਂਟ ਜਨਰਲ ਪੀ. ਆਰ. ਸ਼ੰਕਰ ਨੇ ਅਗਨੀਪਥ ਯੋਜਨਾ ਦੀ ਆਲੋਚਨਾ ਕਰਦੇ ਹੋਏ ਇਸ ਨੂੰ ‘ਕਿੰਡਰਗਾਰਟਨ ਆਰਮੀ’ ਕਰਾਰ ਦਿੱਤਾ। ਕਈ ਚੋਟੀ ਦੇ ਨੇਤਾਵਾਂ ਨੇ ਅਗਨੀਪਥ ਵਿਚ ‘ਖਾਮੀਆਂ’ ਵੱਲ ਇਸ਼ਾਰਾ ਕਰਨ ਲਈ ਸੋਸ਼ਲ ਮੀਡੀਅਾ ਦਾ ਸਹਾਰਾ ਲਿਆ ਅਤੇ ਸੁਝਾਅ ਦਿੱਤੇ।
ਮੇਜਰ ਜਨਰਲ ਬੀ. ਐੱਸ. ਧਨੋਆ (ਸੇਵਾਮੁਕਤ) ਨੇ ਟਵੀਟ ਕੀਤਾ ਕਿ ਹਥਿਅਾਰਬੰਦ ਫੋਰਸਾਂ ਲਈ ਹਾਲ ਹੀ ਵਿਚ ਐਲਾਨੀ ਭਰਤੀ ਨੀਤੀ ਲਈ 2 ਗੰਭੀਰ ਸਿਫਾਰਸ਼ਾਂ; 1) ਨਵੇਂ ਰੰਗਰੂਟਾਂ ਦੀ ਸੇਵਾ ਮਿਆਦ ਨੂੰ ਘੱਟੋ-ਘੱਟ 7 ਸਾਲ ਤੱਕ ਵਧਾਓ। 2) ਘੱਟੋ-ਘੱਟ 50 ਫੀਸਦੀ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਦੇ ਇੱਛੁਕ ਲੋਕਾਂ ਨੂੰ ਬਣਾਈ ਰੱਖੋ।
ਕੀ ਹੈ ਨਵੀਂ ਭਰਤੀ ਯੋਜਨਾ
ਜ਼ਿਕਰਯੋਗ ਹੈ ਕਿ ਜ਼ਿਆਦਾ ਯੋਗ ਅਤੇ ਯੁਵਾ ਫ਼ੌਜੀਆਂ ਨੂੰ ਭਰਤੀ ਕਰਨ ਲਈ ਦਹਾਕਿਆਂ ਪੁਰਾਣੀ ਚੋਣ ਪ੍ਰਕਿਰਿਆ ਵਿਚ ਵੱਡੇ ਬਦਲਾਅ ਦੇ ਸੰਬੰਧ ਵਿਚ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਯੋਜਨਾ ਤਹਿਤ ਤਿੰਨਾਂ ਫ਼ੌਜਾਂ ਵਿਚ ਇਸ ਸਾਲ 46,000 ਫੌਜੀ ਭਰਤੀ ਕੀਤੇ ਜਾਣਗੇ ਅਤੇ ਚੋਣ ਲਈ ਉਮਰ 17.5 ਸਾਲ ਤੋਂ 21 ਸਾਲ ਦਰਮਿਆਨ ਹੋਵੇਗੀ ਅਤੇ ਇਨ੍ਹਾਂ ਨੂੰ ‘ਅਗਨੀਵੀਰ’ ਨਾਂ ਦਿੱਤਾ ਜਾਵੇਗਾ। ਰੋਜ਼ਾਗਰ ਦੇ ਪਹਿਲੇ ਸਾਲ ਵਿਚ ਇਕ ‘ਅਗਨੀਵੀਰ’ ਦੀ ਮਾਸਿਕ ਤਨਖਾਹ 30,000 ਰੁਪਏ ਹੋਵੇਗੀ ਪਰ ਹੱਥ ਵਿਚ ਸਿਰਫ਼ 21,000 ਰੁਪਏ ਹੀ ਆਉਣਗੇ। ਹਰ ਮਹੀਨੇ 9,000 ਰੁਪਏ ਸਰਕਾਰ ਦੇ ਸਮਾਨ ਯੋਗਦਾਨ ਵਾਲੇ ਇਕ ਫੰਡ ਵਿਚ ਜਾਣਗੇ। ਇਸ ਤੋਂ ਬਾਅਦ ਦੂਜੇ, ਤੀਜੇ ਅਤੇ ਚੌਥੇ ਸਾਲ ਵਿਚ ਮਾਸਿਕ ਤਨਖਾਹ 33,000 ਰੁਪਏ, 36,500 ਰੁਪਏ ਅਤੇ 40,000 ਰੁਪਏ ਹੋਵੇਗੀ। ਹਰੇਕ ‘ਅਗਨੀਵੀਰ’ ਨੂੰ ‘ਸੈਨਾ ਫੰਡ ਪੈਕੇਜ’ ਦੇ ਰੂਪ ਵਿਚ 11.71 ਲੱਖ ਰੁਪਏ ਦੀ ਰਾਸ਼ੀ ਮਿਲੇਗੀ ਅਤੇ ਇਸ ’ਤੇ ਇਨਕਮ ਟੈਕਸ ਤੋਂ ਛੋਟ ਮਿਲੇਗੀ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਨੇ ਸਾਧੇ ਪਿਛਲੀਆਂ ਸਰਕਾਰਾਂ ’ਤੇ ਤੰਜ, ਆਖੀਆਂ ਵੱਡੀਆਂ ਗੱਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ