ਕੈਪਟਨ ਵੱਲੋਂ ਹਥਿਆਰਬੰਦ ਫੌਜ ਦੇ ਸਿਆਸੀਕਰਨ ਮਾਮਲੇ ''ਤੇ ਦੁੱਖ ਜ਼ਾਹਰ

Thursday, Nov 15, 2018 - 10:10 AM (IST)

ਕੈਪਟਨ ਵੱਲੋਂ ਹਥਿਆਰਬੰਦ ਫੌਜ ਦੇ ਸਿਆਸੀਕਰਨ ਮਾਮਲੇ ''ਤੇ ਦੁੱਖ ਜ਼ਾਹਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ 'ਤੇ ਦੁੱਖ ਜ਼ਾਹਰ ਕਰਦਿਆਂ ਕਿਹ ਕਿ ਹਥਿਆਰਬੰਦ ਫੌਜ ਸਿਰਫ ਰੈਜੀਮੈਂਟਲ ਮੁਖੀਆਂ ਨੂੰ ਜੁਆਬਦੇਹ ਹੁੰਦੀ ਹੈ ਨਾ ਕਿ ਸਿਆਸੀ ਨਿਜ਼ਾਮ ਦੇ ਇਸ਼ਾਰਿਆਂ 'ਤੇ ਕੰਮ ਕਰਨਾ ਹੁੰਦਾ ਹੈ। ਮੁੱਖ ਮੰਤਰੀ ਨੇ ਰੱਖਿਆ ਸੈਨਾਵਾਂ ਦੇ ਕੰਮਕਾਜ 'ਚ ਸਿਆਸੀ ਦਖ਼ਲਅੰਦਾਜ਼ੀ ਦੀ ਮੌਜੂਦਾ ਰੀਤ ਦਾ ਫੌਰੀ ਅੰਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਫੌਜ ਦੇ ਅਫਸਰ ਤੇ ਸੈਨਿਕ ਆਪਣੀ ਡਿਊਟੀ ਕੁਸ਼ਲਤਾ ਨਾਲ ਨਿਭਾਅ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਮੁਲਕ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਦੇ ਵਡੇਰੇ ਹਿੱਤਾਂ ਲਈ ਅਤਿ ਲੋੜੀਂਦਾ ਹੈ। ਇੱਥੇ ਪਹਿਲੀ ਵਿਸ਼ਵ ਜੰਗ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਰਾਸ਼ਟਰਮੰਡਲ ਮੁਲਕਾਂ ਦੇ ਹਥਿਆਰਬੰਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਯਾਦਗਾਰੀ ਦਿਹਾੜੇ ਮੌਕੇ ਪਤਵੰਤਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਿਚਾਰ ਰੱਖੇ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਨ੍ਹਾਂ ਮਹਾਨ ਸੈਨਿਕਾਂ ਦੀ ਮਿਸਾਲੀ ਬਹਾਦਰੀ ਅਤੇ ਅਮਿੱਟ ਜਜ਼ਬੇ ਨੂੰ ਉਸ ਹੱਦ ਤੱਕ ਮਾਨਤਾ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਜੰਗ ਵਿੱਚ ਲਗਪਗ 74000 ਸੈਨਿਕ ਸ਼ਹੀਦ ਜਦਕਿ 67000 ਜ਼ਖਮੀ ਹੋਏ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬਹੁਤੇ ਭਾਰਤੀਆਂ ਨੂੰ ਆਜ਼ਾਦੀ ਸੰਘਰਸ਼ 'ਚ ਜਾਣੇ-ਅਣਜਾਣੇ ਲੋਕਾਂ ਦੀਆਂ ਕੁਰਬਾਨੀਆਂ ਬਾਰੇ ਤਾਂ ਪਤਾ ਪਰ ਪਹਿਲੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਬਹਾਦਰ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਆਮ ਕਰਕੇ ਵਿਸਾਰ ਦਿੱਤਾ ਗਿਆ। ਉਨ੍ਹਾਂ ਨੇ ਨੌਜਵਾਨਾਂ ਦਰਮਿਆਨ ਮੁਲਕ ਦੀ ਫੌਜ ਦੇ ਅਮੀਰ ਇਤਿਹਾਸ ਦਾ ਵੱਡੇ ਪੱਧਰ 'ਤੇ ਪਾਸਾਰ ਕਰਨ ਦਾ ਸੱਦਾ ਦਿੱਤਾ ਤਾਂ ਕਿ ਹਥਿਆਰਬੰਦ ਸੈਨਾਵਾਂ ਦੇ ਅਮੀਰ ਤੇ ਸ਼ਾਨਦਾਰ ਵਿਰਾਸਤ ਬਾਰੇ ਹੋਰ ਵਧੇਰੇ ਜਾਣੂੰ ਕਰਵਾਇਆ ਜਾ ਸਕੇ।


author

Babita

Content Editor

Related News