ਕੈਪਟਨ ਸਰਕਾਰ ਦਾ ਡਿੱਗਣਾ ਤੈਅ, 60 ਵਿਧਾਇਕਾਂ ਨੇ ਖ਼ਾਲੀ ਕਾਗਜ਼ ’ਤੇ ਕੀਤੇ ਦਸਤਖ਼ਤ
Saturday, Sep 18, 2021 - 04:32 PM (IST)
 
            
            ਚੰਡੀਗੜ੍ਹ— ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਏ ਜਾਣ ਦੇ ਬਾਅਦ ਹੁਣ ਪੰਜਾਬ ’ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਸਮੇਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਕੈਪਟਨ ਦੇ ਖ਼ਿਲਾਫ਼ 60 ਵਿਧਾਇਕਾਂ ਨੇ ਖ਼ਾਲੀ ਕਾਗਜ਼ ’ਤੇ ਦਸਤਖ਼ਤ ਕਰ ਦਿੱਤੇ ਹਨ ਅਤੇ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਵਰਾਂ ਨੂੰ ਸੌਂਪ ਦਿੱਤੇ ਹਨ। ਇਥੇ ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਤਖ਼ਤਾ ਪਲਟ ਹੋਣ ਜਾ ਰਿਹਾ ਹੈ ਅਤੇ ਕੈਪਟਨ ਦੀ ਕੁਰਸੀ ਜਾਣੀ ਤੈਅ ਹੋ ਚੁੱਕੀ ਹੈ। ਉਥੇ ਹੀ ਲਾਲ ਸਿੰਘ ਦਾ ਨਾਂ ਵੀ ਮੁੱਖ ਮੰਤਰੀ ਦੇ ਚਿਹਰੇ ਲਈ ਸਾਹਮਣੇ ਆ ਰਿਹਾ ਹੈ 60 ਵਿਧਾਇਕਾਂ ਵੱਲੋਂ ਖ਼ਾਲੀ ਕਾਗਜ਼ ’ਤੇ ਦਸਤਖ਼ਤ ਕਰਕੇ ਹਾਈਕਮਾਨ ਵੱਲੋਂ ਭੇਜੇ ਗਏ ਆਬਜ਼ਵਰਾਂ ਨੂੰ ਸੌਂਪਣਾ ਬਹੁਤ ਹੀ ਮਾਇਨੇ ਰੱਖਦਾ ਹੈ।
ਇਹ ਵੀ ਪੜ੍ਹੋ: ਅੱਤਵਾਦੀਆਂ ਦੇ ਨਿਸ਼ਾਨੇ ’ਤੇ ਪੰਜਾਬ, ਸੋਢਲ ਮੇਲੇ ’ਤੇ ਜਲੰਧਰ ਦੇ ਸੀ. ਪੀ. ਵੱਲੋਂ ਸੁਰੱਖਿਆ ਵਧਾਉਣ ਦੇ ਨਿਰਦੇਸ਼
ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਦੇ ਵਿਧਾਇਕ ਦਲ ਦੀ ਬੈਠਕ ਬੁਲਾਏ ਜਾਣ ਮਗਰੋਂ ਜਿੱਥੇ ਪੰਜਾਬ ਕਾਂਗਰਸ 'ਚ ਸਿਆਸੀ ਭੂਚਾਲ ਆ ਗਿਆ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਬਦਲਣ ਦੀ ਗੱਲ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਸਵਾਂ ਫਾਰਮ ਹਾਊਸ ਤੋਂ ਰਵਾਨਾ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਕੈਪਟਨ ਵੱਲੋਂ ਗਵਰਨਰ ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਵਰਨਰ ਨੂੰ ਅਸਤੀਫ਼ਾ ਦਿੱਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦਲ ਦੀ ਬੈਠਕ 'ਚ ਜਾਣ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦਾ ਟਵੀਟ, ਕਿਹਾ-‘ਅੱਜ ਸੱਚ ਦੀ ਹੋਊ ਜਿੱਤ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            