'ਕੈਪਟਨ' ਨੇ ਪਹਿਲੀ ਸੂਚੀ ’ਚ ਦਿਖਾਇਆ ਸਿਆਸੀ ਤਜਰਬਾ, ਸਾਰੇ ਵਰਗਾਂ ਨੂੰ ਦਿੱਤੀ ਤਰਜ਼ਮਾਨੀ
Monday, Jan 24, 2022 - 12:02 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਮਿਲ ਕੇ ਪਹਿਲੀ ਵਾਰ ਚੋਣ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਗਠਿਤ ‘ਪੰਜਾਬ ਲੋਕ ਕਾਂਗਰਸ’ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਜਾਤੀ ਸਮੀਕਰਨਾਂ ਦਾ ਸੰਤੁਲਨ ਬਾਖੂਬੀ ਬਿਠਾਇਆ ਹੈ। 22 ਉਮੀਦਵਾਰਾਂ ਦੀ ਇਸ ਸੂਚੀ ’ਚ ਉਨ੍ਹਾਂ ਦਾ ਸਿਆਸੀ ਤਜਰਬਾ ਸਾਫ਼ ਨਜ਼ਰ ਆਉਂਦਾ ਹੈ ਕਿਉਂਕਿ ਉਨ੍ਹਾਂ ਨੇ ਹਲਕੇ ’ਚ ਪਕੜ ਅਤੇ ਜਿੱਤ ਦੀ ਸਮਰੱਥਾ ਦੇ ਨਾਲ ਹੀ ਜਾਤੀਗਤ ਵੋਟਬੈਂਕ ਦਾ ਖਿਆਲ ਰੱਖ ਕੇ ਹੀ ਸਾਰੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਕੈਪਟਨ ਵੱਲੋਂ ਐਲਾਨੇ ਉਮੀਦਵਾਰਾਂ ’ਚ 9 ਜੱਟ ਸਿੱਖ ਹਨ। 4 ਉਮੀਦਵਾਰ ਅਨੁਸੂਚਿਤ ਜਾਤੀ ਅਤੇ 3 ਹੋਰ ਪਛੜਿਆਂ ਵਰਗਾਂ ਤੋਂ ਹਨ। ਇਨ੍ਹਾਂ ਤੋਂ ਇਲਾਵਾ 5 ਹਿੰਦੂ ਚਿਹਰੇ ਹਨ, ਜਿਨ੍ਹਾਂ ’ਚ 3 ਬ੍ਰਾਹਮਣ ਅਤੇ 2 ਅਗਰਵਾਲ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਂਗਰਸੀ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਹੋਣ ਦੀ ਸੰਭਾਵਨਾ
‘ਪੰਜਾਬ ਲੋਕ ਕਾਂਗਰਸ’ ਨੂੰ ਇਸ ਗਠਜੋੜ ’ਚ ਫਿਲਹਾਲ 37 ਸੀਟਾਂ ਮਿਲੀਆਂ ਹਨ। ਗਠਜੋੜ ਦੀ 6 ਮੈਂਬਰੀ ਤਾਲਮੇਲ ਕਮੇਟੀ ’ਚ ਅਜੇ ਵੀ ਕੁੱਝ ਸੀਟਾਂ ’ਤੇ ਗੱਲਬਾਤ ਚੱਲ ਰਹੀ ਹੈ। ਅਮਰਿੰਦਰ ਨੂੰ ਉਮੀਦ ਹੈ ਕਿ ਪਾਰਟੀ ਸਾਥੀਆਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਘੱਟ ਤੋਂ ਘੱਟ 5 ਸੀਟਾਂ ਅਤੇ ਮਿਲ ਜਾਣਗੀਆਂ। ਪੀ. ਐੱਲ. ਸੀ. ਨੂੰ ਜੋ 37 ਸੀਟਾਂ ਮਿਲੀਆਂ ਹਨ, ਉਨ੍ਹਾਂ ’ਚੋਂ 26 ਮਾਲਵਾ, 7 ਮਾਝਾ ਅਤੇ 4 ਸੀਟਾਂ ਦੋਆਬਾ ਤੋਂ ਹਨ। ਮਾਲਵਾ ’ਚ ਕੈਪਟਨ ਦਾ ਜ਼ਬਰਦਸਤ ਪ੍ਰਭਾਵ ਹੈ। ਉਨ੍ਹਾਂ ਨੇ ਹੀ ਆਪਣੇ ਪਿਛਲੇ ਕਾਰਜਕਾਲ ’ਚ ਪਾਣੀ ਸਮਝੌਤੇ ਰੱਦ ਕਰਕੇ ਅਤੇ ਬੀ. ਟੀ. ਕਾਟਨ ਦੀ ਪੰਜਾਬ ’ਚ ਬਿਜਾਈ ਸ਼ੁਰੂ ਕਰਵਾ ਕੇ ਮਾਲਵਾ ’ਚ ਅਜਿਹੀ ਲੋਕਪ੍ਰਿਯਤਾ ਹਾਸਲ ਕੀਤੀ ਸੀ, ਜਿਸ ਦੇ ਨਾਲ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਮਾਲਵਾ ਤੋਂ ਕਾਂਗਰਸ ਨੂੰ ਕਾਫ਼ੀ ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਕੈਪਟਨ ਨੇ ਬਤੌਰ ਮੁੱਖ ਮੰਤਰੀ ਕਿਸਾਨ ਅੰਦੋਲਨ ਦਾ ਭਾਰੀ ਸਮਰਥਨ ਕੀਤਾ, ਜਿਸ ਦਾ ਕਿਸਾਨਾਂ ’ਚ ਬਹੁਤ ਸਕਾਰਾਤਮਕ ਸੁਨੇਹਾ ਗਿਆ। ਕੇਂਦਰ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਪਿੱਛੇ ਵੀ ਕੈਪਟਨ ਦੀ ਭੂਮਿਕਾ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਇਹ ਵੀ ਪੜ੍ਹੋ : ਡੇਹਲੋਂ ਦੇ ਗੁਰਦੁਆਰਾ ਸਾਹਿਬ 'ਚ ਜਨਾਨੀ ਵੱਲੋਂ ਬੇਅਦਬੀ ਦੀ ਅਫ਼ਵਾਹ ਨਾਲ ਮਚੀ ਹਫੜਾ-ਦਫੜੀ
ਅਟਕਲਾਂ ’ਤੇ ਲਾਇਆ ਵਿਰਾਮ
ਕੈਪਟਨ ਨੇ ਸ਼ਨੀਵਾਰ ਨੂੰ ਹੀ ਪਟਿਆਲਾ ਸੀਟ ਤੋਂ ਚੋਣ ਲੜਨ ਦੀ ਗੱਲ ਸੋਸ਼ਲ ਮੀਡੀਆ ਰਾਹੀਂ ਜ਼ਾਹਰ ਕਰਕੇ ਉਨ੍ਹਾਂ ਅਟਕਲਾਂ ’ਤੇ ਪੂਰਨ ਵਿਰਮ ਲਗਾ ਦਿੱਤਾ ਸੀ, ਜਿਨ੍ਹਾਂ ’ਚ ਇਸ ਵਾਰ ਪਟਿਆਲਾ ਸ਼ਹਿਰੀ ਸੀਟ ਤੋਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਉਤਾਰਨ ਦੀ ਗੱਲ ਉਠ ਰਹੀ ਸੀ। ਧਿਆਨਯੋਗ ਹੈ ਕਿ ਕਾਂਗਰਸ ਨੇ ਪਟਿਆਲਾ ਸ਼ਹਿਰੀ ਸੀਟ ਨੂੰ ਲੈ ਕੇ ਪੱਤੇ ਅਜੇ ਵੀ ਨਹੀਂ ਖੋਲ੍ਹੇ ਹਨ। ਮਾਲੇਰਕੋਟਲਾ ਹਲਕੇ ’ਚ ਮੁਸਲਮਾਨ ਵੋਟਰਾਂ ਦੀ ਤਾਦਾਦ ਵੇਖਦਿਆਂ ਉਨ੍ਹਾਂ ਨੇ ਫਰਜ਼ਾਨਾ ਆਲਮ ਨੂੰ ਉੱਥੋਂ ਉਮੀਦਵਾਰ ਬਣਾਇਆ ਹੈ। ਸਾਬਕਾ ਡੀ. ਜੀ. ਪੀ. ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵਿਧਾਇਕ ਰਹਿ ਚੁੱਕੀ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : 5 ਹਜ਼ਾਰ ਦਾ ‘ਫੇਰ’, ਕਈ ਦਿੱਗਜ ਹੋਏ ਢੇਰ
ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਉਰਫ਼ ਬਿੱਟੂ ਸ਼ਰਮਾ ਨੂੰ ਕੈਪਟਨ ਨੇ ਪਟਿਆਲਾ ਦਿਹਾਤੀ ਤੋਂ ਟਿਕਟ ਦਿੱਤੀ, ਜੋ ਕਈ ਸਾਲ ਜ਼ਿਲ੍ਹਾ ਯੁਵਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਅਮਰਿੰਦਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਸ਼ਰਮਾ ਨੂੰ ਮੇਅਰ ਅਹੁਦੇ ’ਤੋਂ ਹਟਾਉਣ ਦੀ ਪੰਜਾਬ ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਸੀ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮਾ ਮਹਿੰਦਰਾ ਨੇ ਉਨ੍ਹਾਂ ਨੂੰ ਮੇਅਰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ੈਸਲਾ ਉਨ੍ਹਾਂ ਦੇ ਹੱਕ ’ਚ ਸੁਣਾਇਆ ਅਤੇ ਮੇਅਰ ਅਹੁਦੇ ’ਤੋਂ ਹਟਾਉਣ ਨੂੰ ਗਲਤ ਕਰਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ