ਖਾਲਿਸਤਾਨ ਸਮਰਥਕਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਇੰਗਲੈਂਡ ''ਚ ਕੀਤਾ ਵਿਰੋਧ
Tuesday, Nov 26, 2019 - 03:27 PM (IST)
ਚੰਡੀਗੜ੍ਹ/ਲੰਡਨ (ਅਸ਼ਵਨੀ, ਇੰਟ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਦੇ ਦੌਰੇ 'ਤੇ ਹਨ। ਦਰਅਸਲ ਮੁੱਖ ਮੰਤਰੀ ਅਮਰਿੰਦਰ ਪੰਜਾਬ ਵਿਚ ਵਿਦੇਸ਼ੀ ਨਿਵੇਸ਼ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦਾ ਇੰਗਲੈਂਡ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਹਾਲਾਂਕਿ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਕੁਝ ਲੋਕਾਂ 'ਚ ਨਾਰਾਜ਼ਗੀ ਵੀ ਹੈ। ਜਾਣਕਾਰੀ ਅਨੁਸਾਰ ਇੰਗਲੈਂਡ ਵਿਚ ਖਾਲਿਸਤਾਨ ਸਮਰਥਕ ਸੰਗਠਨ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਕੈਪਟਨ ਦਾ ਜ਼ਬਰਦਸਤ ਵਿਰੋਧ ਕਰ ਰਿਹਾ ਹੈ। ਕੈਪਟਨ ਦਾ ਐੱਸ. ਐੱਫ. ਜੇ. ਸਮਰਥਕਾਂ ਵਲੋਂ ਵਿਰੋਧ ਕੀਤੇ ਜਾਣ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਖਾਲਿਸਤਾਨ ਸਮਰਥਕ ਵਿਰੋਧ ਪ੍ਰਦਰਸ਼ਨ ਕਰ ਕੇ ਖਾਲਿਸਤਾਨ ਜ਼ਿੰਦਾਬਾਦ ਅਤੇ ਰਿਫਰੈਂਡਮ-2020 ਦੇ ਸਮਰਥਨ ਵਿਚ ਨਾਅਰੇ ਲਾ ਰਹੇ ਹਨ।
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਅੱਤਵਾਦ ਦੇ ਦਿਨਾਂ ਵਿਚ ਪੰਜਾਬ ਤੋਂ ਭੱਜ ਕੇ ਵਿਦੇਸ਼ਾਂ ਵਿਚ ਜਾ ਵਸੇ ਅਤੇ ਭਗੌੜੇ ਐਲਾਨ ਕੀਤੇ ਗਏ ਅੱਤਵਾਦੀਆਂ ਨੂੰ ਇੰਟਰਪੋਲ ਦੀ ਮਦਦ ਨਾਲ ਭਾਰਤ ਵਿਚ ਵਾਪਸ ਲਿਆ ਜੇਲਾਂ ਵਿਚ ਪਾਉਣਗੇ। ਉਥੇ ਹੀ ਵਿਸ਼ਵਾਸਯੋਗ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਨੇ ਇੰਗਲੈਂਡ ਵਿਚ ਸਥਿਤ ਇੰਟਰਪੋਲ ਨੂੰ ਪੰਜਾਬ ਵਿਚ ਲੋੜੀਂਦੇ ਅਜਿਹੇ ਭਗੌੜੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਲਿਸਟ ਵੀ ਸੌਂਪੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬੀ ਅਪ੍ਰਵਾਸੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਅਪ੍ਰਵਾਸੀ ਪੰਜਾਬੀਆਂ ਨੇ ਚਿੰਤਾ ਜਤਾਈ ਸੀ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਕਈ ਲੋਕ ਪੰਜਾਬ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਵਿਚ ਅਸਮਰਥ ਹਨ ਕਿਉਂਕਿ ਉਨ੍ਹਾਂ ਨੂੰ ਕੁਝ ਮਾਮਲਿਆਂ 'ਚ ਅਦਾਲਤਾਂ ਦੇ ਸਾਹਮਣੇ ਹਾਜ਼ਰ ਨਾ ਹੋਣ ਕਾਰਣ ਭਗੌੜਾ ਅਪਰਾਧੀ ਐਲਾਨ ਕਰ ਦਿੱਤਾ ਗਿਆ ਹੈ। ਇਸ 'ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਕੇਂਦਰ ਨਾਲ ਗੱਲ ਕਰਨਗੇ ਕਿ ਬ੍ਰਿਟੇਨ, ਕੈਨੇਡਾ, ਜਰਮਨੀ, ਫਰਾਂਸ ਅਤੇ ਅਮਰੀਕਾ ਵਰਗੇ ਕੁਝ ਭਾਰਤੀ ਦੂਤਘਰਾਂ ਵਿਚ ਇਸ ਮਾਮਲੇ ਦੀਆਂ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਕੈਪਟਨ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਅਜਿਹੇ ਮਾਮਲਿਆਂ ਨੂੰ ਜਲਦੀ ਨਿਪਟਾਉਣ ਦੇ ਲਈ ਵਿਸ਼ੇਸ਼ ਅਦਾਲਤਾਂ ਦੇ ਗਠਨ ਦੀ ਕੋਸ਼ਿਸ਼ ਕਰਨਗੇ ਅਤੇ ਇਸ ਮੁੱਦੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੇ ਨਾਲ ਹੀ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣਗੇ।
ਖਾਲਿਸਤਾਨੀ ਹਮਾਇਤੀਆਂ ਦੀ ਧਮਕੀ,'ਅਸੀਂ ਇਥੇ ਖੜ੍ਹੇ ਹਾਂ, ਆ ਕੇ ਲੜਨਾ ਹੈ ਤਾਂ ਲੜ ਲੈ'
ਬਰਤਾਨੀਆ ਦੇ ਬਰਮਿੰਘਮ ਸ਼ਹਿਰ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜੋ ਲਗਭਗ 3 ਘੰਟੇ ਚੱਲਿਆ। ਕੈਪਟਨ ਉਸ ਪ੍ਰੋਗਰਾਮ ਵਿਚ ਸ਼ਾਮਲ ਸਨ। ਉਨ੍ਹਾਂ ਪ੍ਰੋਗਰਾਮ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਐੱਸ. ਐੱਫ. ਜੇ. ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਹਮਾਇਤ ਪ੍ਰਾਪਤ ਅੱਤਵਾਦੀ ਸੰਗਠਨ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦਾ ਕੋਈ ਵਿਚਾਰਕ ਅਧਾਰ ਨਹੀਂ ਹੈ। ਇਸ ਸੰਗਠਨ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਇਕੋ-ਇਕ ਮੰਤਵ ਸਿੱਖ ਭਾਈਚਾਰੇ ਵਿਚ ਫੁੱਟ ਪੈਦਾ ਕਰ ਕੇ ਦੇਸ਼ ਅਤੇ ਪੰਜਾਬ ਨੂੰ ਵੰਡਣਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਪ੍ਰਮਾਤਮਾ ਇਕ ਹੈ' ਵਾਲੇ ਵਿਚਾਰ ਵਲ ਇਸ਼ਾਰਾ ਕਰਦਿਆਂ ਕੈਪਟਨ ਅਮਰਿੰਦਰ ਿਸੰਘ ਨੇ ਗੁਆਂਢੀਆਂ ਨਾਲ ਦੋਸਤਾਨਾ ਰਿਸ਼ਤਿਆਂ ਦੀ ਗੱਲ ਕਹੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੰਬੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਨੇ ਬਹੁਤ ਕੁਝ ਬਰਦਾਸ਼ਤ ਕੀਤਾ ਹੈ। ਹੁਣ ਸਹੀ ਸਮਾਂ ਹੈ ਜਦੋਂ ਅਸੀਂ ਪਿਛਲੀਆਂ ਕੁੜੱਤਣਾਂ ਨੂੰ ਭੁਲਾ ਕੇ ਦੋਸਤੀ ਅਤੇ ਭਾਈਚਾਰੇ ਨਾਲ ਵਿਕਾਸ ਦੇ ਰਾਹ 'ਤੇ ਅੱਗੇ ਵਧੀਏ। ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰੋਗਰਾਮ ਖਤਮ ਹੋਣ ਪਿੱਛੋਂ ਆਪਣੀ ਕਾਰ ਵਲ ਜਾ ਰਹੇ ਸਨ ਤਾਂ ਪ੍ਰੋਗਰਾਮ ਵਾਲੀ ਥਾਂ ਦੇ ਬਾਹਰ ਖੜ੍ਹੇ ਖਾਲਿਸਤਾਨੀ ਹਮਾਇਤੀ ਐੱਸ. ਐੱਫ. ਜੇ. ਦੇ ਸਮਰਥਕਾਂ ਨੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਮਾਇਤੀਆਂ ਨੇ ਸਪੱਸ਼ਟ ਤੌਰ 'ਤੇ ਕੈਪਟਨ ਨੂੰ ਧਮਕੀ ਦਿੰਦੇ ਹੋਏ ਕਿਹਾ,''ਅਸੀਂ ਇਥੇ ਖੜ੍ਹੇ ਹਾਂ ਆ ਕੇ ਲੜਨਾ ਹੈ ਤਾਂ ਲੜ ਲੈ।''
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਿਰਫ ਗਿਣਤੀ ਦੇ ਖਾਲਿਸਤਾਨ ਹਮਾਇਤੀ ਉਥੇ ਮੌਜੂਦ ਸਨ ਪਰ ਉਹ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਕੋਈ ਰੁਕਾਵਟ ਪੈਦਾ ਨਹੀਂ ਕਰ ਸਕੇ। ਐੱਸ. ਐੱਫ. ਜੇ. ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਬੇਅਸਰ ਰਿਹਾ। ਇਥੋਂ ਤੱਕ ਸਥਾਨਕ ਸਿੱਖਾਂ ਦੀ ਵੀ ਉਸ ਨੂੰ ਹਮਾਇਤ ਨਹੀਂ ਮਿਲੀ।