ਸ਼ਾਂਤੀ ਦੇ ਕੋਰੀਡੋਰ ''ਚ ਅੱਤਵਾਦ ਤੇ ਹਿੰਸਾ ਦੀ ਕੋਈ ਥਾਂ ਨਹੀਂ : ਕੈਪਟਨ

10/31/2019 11:00:56 AM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਦਾ ਮਤਲਬ ਇਹ ਹੈ ਕਿ ਅਸੀਂ ਅਤੀਤ ਨੂੰ ਭੁਲਾ ਕੇ ਭਵਿੱਖ ਵਲ ਅੱਗੇ ਵਧਣਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਕੋਰੀਡੋਰ 'ਚ ਅੱਤਵਾਦ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਕਿਹਾ ਕਿ ਉਹ ਬਚਪਨ ਤੋਂ ਹੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨਾਲ ਧਾਰਮਿਕ ਤੌਰ 'ਤੇ ਜੁੜੇ ਹੋਏ ਹਨ। ਇਹ ਗੁਰਦੁਆਰਾ ਉਨ੍ਹਾਂ ਦੇ ਜੱਦੀ ਸ਼ਹਿਰ ਪਟਿਆਲਾ ਤੋਂ 235 ਕਿਲੋਮੀਟਰ ਦੀ ਦੂਰੀ 'ਤੇ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ ਜੋਤੀ-ਜੋਤ ਸਮਾਏ ਸਨ। ਉਨ੍ਹਾਂ ਦੇ ਪਰਿਵਾਰ ਦੇ ਇਸ ਗੁਰਦੁਆਰੇ ਦੇ ਨਾਲ ਸ਼ੁਰੂ ਤੋਂ ਹੀ ਨਿੱਘੇ ਸੰਬੰਧ ਰਹੇ ਹਨ। ਗੁਰਦੁਆਰੇ ਦੀ ਮੌਜੂਦਾ ਬਿਲਡਿੰਗ ਨੂੰ 1925 'ਚ 135600 ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ। ਇਹ ਰਾਸ਼ੀ ਪਟਿਆਲਾ ਦੇ ਤਤਕਾਲੀ ਸ਼ਾਸਕ ਅਤੇ ਉਨ੍ਹਾਂ ਦੇ ਦਾਦਾ ਭੁਪਿੰਦਰ ਸਿੰਘ ਨੇ ਦਿੱਤੀ ਸੀ, ਕਿਉਂਕਿ ਉਸ ਸਮੇਂ ਇਹ ਇਮਾਰਤ ਹੜ੍ਹਾਂ ਕਾਰਨ ਨੁਕਸਾਨੀ ਗਈ ਸੀ।ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦਾ ਵਿਚਾਰ ਉਨ੍ਹਾਂ ਦੇ ਮਨ 'ਚ ਕਾਫੀ ਸਮਾਂ ਪਹਿਲਾਂ ਆਇਆ ਸੀ ਅਤੇ ਹੁਣ ਉਨ੍ਹਾਂ ਨੂੰ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰੇ ਦੇ ਦਰਸ਼ਨਾਂ ਦਾ ਸੁਭਾਗ ਮਿਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਨਿੱਜੀ ਤੌਰ 'ਤੇ ਸੰਬੰਧ ਬਣਾ ਕੇ ਕੋਰੀਡੋਰ ਦੇ ਕੰਮ ਨੂੰ ਪੂਰਾ ਕਰਵਾਉਣ ਵਿਚ ਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਕੋਰੀਡੋਰ 'ਚ ਅੱਤਵਾਦ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਸਲਾਮਾਬਾਦ (ਪਾਕਿਸਤਾਨ) ਇਸ ਸੱਚਾਈ ਨੂੰ ਸਵੀਕਾਰ ਕਰੇਗਾ ਅਤੇ ਸ਼ਾਂਤੀ ਦੀ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਸ਼ਾਂਤੀ ਲਈ ਇਕ ਇਤਿਹਾਸਿਕ ਚਿੰਨ੍ਹ ਬਣੇਗਾ ਅਤੇ ਭਾਰਤ-ਪਾਕਿ ਸਬੰਧਾਂ ਦੇ ਬਿਹਤਰ ਕੱਲ ਦੀ ਉਮੀਦ ਵੀ ਬਣ ਸਕਦਾ ਹੈ।

ਨੈਸ਼ਨਲ ਹਾਈਵੇਅ ਨੂੰ ਗੁਰੂ ਨਾਨਕ ਦੇਵ ਜੀ ਮਾਰਗ ਰੱਖਣ ਨਾਲ ਕੋਰੀਡੋਰ ਦੀ ਮਹੱਤਤਾ ਵਧੀ
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰਾਲਾ ਵੱਲੋਂ ਡੇਰਾ ਬਾਬਾ ਨਾਨਕ-ਅੰਮ੍ਰਿਤਸਰ-ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ-ਕਪੂਰਥਲਾ-ਸੁਲਤਾਨਪੁਰ ਲੋਧੀ ਨੈਸ਼ਨਲ ਹਾਈਵੇਅ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਰੱਖਣ ਨਾਲ ਕੋਰੀਡੋਰ ਦੇ ਮਹੱਤਵ 'ਚ ਹੋਰ ਵਾਧਾ ਹੋ ਗਿਆ ਹੈ।


shivani attri

Content Editor

Related News