ਪੰਜਾਬ ''ਚ ਜ਼ਿਮਨੀ ਚੋਣਾਂ ਦੌਰਾਨ ਮੰਤਰੀਆਂ ਤੇ ਵਿਧਾਇਕਾਂ ''ਤੇ ਰਹੇਗੀ ਕੈਪਟਨ ਦੀ ਨਜ਼ਰ

Thursday, Sep 26, 2019 - 10:24 AM (IST)

ਪੰਜਾਬ ''ਚ ਜ਼ਿਮਨੀ ਚੋਣਾਂ ਦੌਰਾਨ ਮੰਤਰੀਆਂ ਤੇ ਵਿਧਾਇਕਾਂ ''ਤੇ ਰਹੇਗੀ ਕੈਪਟਨ ਦੀ ਨਜ਼ਰ

ਜਲੰਧਰ (ਧਵਨ)— ਪੰਜਾਬ 'ਚ 21 ਅਕਤੂਬਰ ਨੂੰ ਹੋਣ ਵਾਲੀਆਂ 4 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਰਾਂ ਮੰਤਰੀਆਂ ਅਤੇ ਵਿਧਾਇਕਾਂ 'ਤੇ ਟਿਕੀਆਂ ਰਹਿਣਗੀਆਂ, ਜਿਨ੍ਹਾਂ ਦੀਆਂ ਡਿਊਟੀਆਂ ਮੁੱਖ ਮੰਤਰੀ ਨੇ 4 ਵਿਧਾਨ ਸਭਾ ਹਲਕਿਆਂ 'ਚ ਲਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਇਨ੍ਹਾਂ ਉਪ ਚੋਣਾਂ 'ਚ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਵੀ ਪਰਖਣਗੇ। ਇਕ ਵਿਧਾਨ ਸਭਾ ਖੇਤਰ ਨੂੰ ਮੰਤਰੀਆਂ ਦੀ ਨਿਗਰਾਨੀ 'ਚ ਵੱਖ-ਵੱਖ ਜ਼ੋਨਾਂ 'ਚ ਵੰਡਿਆ ਜਾ ਰਿਹਾ ਹੈ। ਇਨ੍ਹਾਂ ਦੇ ਇੰਚਾਰਜ ਅੱਗੋਂ ਵਿਧਾਇਕਾਂ ਨੂੰ ਲਾਇਆ ਜਾ ਰਿਹਾ ਹੈ।

ਕਾਂਗਰਸ ਦੇ ਉਮੀਦਵਾਰਾਂ ਵੱਲੋਂ 30 ਸਤੰਬਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਆਪਣੀ ਹਾਜ਼ਰੀ ਅਤੇ ਨਿਗਰਾਨੀ 'ਚ ਜਲਾਲਾਬਾਦ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਅਤੇ ਦਾਖਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਬਾਕੀ ਦੋ ਸੀਟਾਂ ਫਗਵਾੜਾ ਅਤੇ ਮੁਕੇਰੀਆਂ 'ਚ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਲਈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਹੋਰ ਮੰਤਰੀ ਪੁੱਜਣਗੇ।

ਦੱਸਿਆ ਜਾਂਦਾ ਹੈ ਕਿ ਇਨ੍ਹਾਂ 4 ਵਿਧਾਨ ਸਭਾ ਸੀਟਾਂ 'ਚੋਂ ਸਭ ਤੋਂ ਵੱਧ ਹਾਟ ਮੰਨੀਆਂ ਜਾਣ ਵਾਲੀਆਂ ਸੀਟਾਂ ਜਲਾਲਾਬਾਦ ਅਤੇ ਦਾਖਾ ਦੀ ਕੈਪਟਨ ਅਮਰਿੰਦਰ ਸਿੰਘ ਖੁਦ ਨਿਗਰਾਨੀ ਕਰਨਗੇ। ਉਨ੍ਹਾਂ ਦੀ ਦੇਖ-ਰੇਖ ਹੇਠ ਹੀ ਦੋਹਾਂ ਖੇਤਰਾਂ 'ਚ ਚੋਣ ਮੁਹਿੰਮ ਚੱਲੇਗੀ। ਜਲਾਲਾਬਾਦ ਸੀਟ ਇਸ ਲਈ ਹਾਟ ਹੈ ਕਿਉਂਕਿ ਇਸ ਦੀ ਪ੍ਰਤੀਨਿਧਤਾ ਹੁਣ ਤਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਆ ਰਹੇ ਹਨ। ਕਾਂਗਰਸ ਨੇ ਜਲਾਲਾਬਾਦ ਤੋਂ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਆਵਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ 'ਚ ਕਾਂਗਰਸ ਦੀ ਹਮਾਇਤ ਕਰਨ ਲਈ ਕੈਬਨਿਟ ਮੰਤਰੀ ਰਾਣਾ ਸੋਢੀ ਅਤੇ ਸੁਨੀਲ ਜਾਖੜ ਦਰਮਿਆਨ ਇਕ ਦਿਨ ਪਹਿਲਾਂ ਆਪਸ 'ਚ ਦੋਸਤੀ ਕਰਵਾ ਦਿੱਤੀ ਸੀ। ਦਾਖਾ ਸੀਟ ਇਸ ਲਈ ਅਹਿਮ ਹੈ ਕਿਉਂਕਿ ਇੱਥੋਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਪਹਿਲੀ ਵਾਰ ਚੋਣ ਲੜ ਰਹੇ ਹਨ।

ਇਨ੍ਹਾਂ ਦੋਹਾਂ ਸੀਟਾਂ ਭਾਵ ਜਲਾਲਾਬਾਦ ਅਤੇ ਦਾਖਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਸਮੇਂ-ਸਮੇਂ 'ਤੇ ਕਰਵਾਏ ਜਾ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਫਗਵਾੜਾ ਅਤੇ ਮੁਕੇਰੀਆਂ 'ਚ ਚੋਣ ਪ੍ਰਚਾਰ ਦੇ ਆਖਰੀ ਦਿਨਾਂ 'ਚ ਰੋਡ ਸ਼ੋਅ ਕਰਨ ਲਈ ਪਹੁੰਚਣਗੇ। ਉਸ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਹੋਰ ਮੰਤਰੀ ਉਕਤ ਚਾਰਾਂ ਵਿਧਾਨ ਸਭਾ ਹਲਕਿਆਂ 'ਚ ਪਾਰਟੀ ਦੀ ਚੋਣ ਮੁਹਿੰਮ ਚਲਾਉਣਗੇ।


author

shivani attri

Content Editor

Related News