ਕੈਪਟਨ ਲਹਿਰਾਉਣਗੇ ਕੱਲ੍ਹ ਜਲੰਧਰ 'ਚ ਤਿਰੰਗਾ, 2000 ਮੁਲਾਜ਼ਮ ਦੇਣਗੇ ਡਿਊਟੀ

08/14/2019 11:48:35 AM

ਜਲੰਧਰ (ਪੁਨੀਤ)— ਸੁਤੰਤਰਤਾ ਦਿਵਸ ਨੂੰ ਲੈ ਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਲੈ ਕੇ ਸਿਵਲ ਅਤੇ ਪੁਲਸ ਦੇ 2000 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਹੇ ਹਨ, ਜੋ ਕਿ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਡੀ. ਸੀ. ਵਰਿੰਦਰ ਸ਼ਰਮਾ, ਏ. ਡੀ. ਸੀ. ਕੁਲਵੰਤ ਸਿੰਘ ਨੇ ਅਧਿਕਾਰੀਆਂ ਕੋਲੋਂ ਪ੍ਰੋਗਰਾਮ ਸਬੰਧੀ ਜਾਣਕਾਰੀਆਂ ਲੈਂਦਿਆਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।

ਅਧਿਕਾਰੀਆਂ ਨੇ ਦੱਸਿਆ ਕਿ 2500 ਵਿਦਿਆਰਥੀਆਂ ਵੱਲੋਂ ਪੀ. ਟੀ. ਸ਼ੋਅ ਮਾਰਚ ਪਾਸਟ ਕਰਦਿਆਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਕਰਸ਼ਕ ਝਾਂਕੀਆਂ ਪੇਸ਼ ਕਰਦਿਆਂ ਦੇਸ਼ ਅਤੇ ਪੰਜਾਬ ਦੇ ਇਤਿਹਾਸ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਮਨਾਉਣਾ ਕਿਸੇ ਵੀ ਦੇਸ਼ ਦੇ ਨਾਗਰਿਕ ਲਈ ਸਨਮਾਨ ਦੀ ਗੱਲ ਹੈ। ਪ੍ਰੋਗਰਾਮ 'ਚ ਆਉਣ ਵਾਲੇ ਪਤਵੰਤਿਆਂ ਦੀਆਂ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ।

ਮੁੱਖ ਮੰਤਰੀ ਦੇ ਆਉਣ ਕਾਰਨ ਇਹ ਪ੍ਰੋਗਰਾਮ ਪ੍ਰਸ਼ਾਸਨ ਲਈ ਇੱਜ਼ਤ ਦਾ ਸਵਾਲ ਬਣਿਆ ਹੋਇਆ, ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਇਸ ਪ੍ਰੋਗਰਾਮ 'ਤੇ ਰਹਿਣਗੀਆਂ, ਕਿਸੇ ਵੀ ਤਰ੍ਹਾਂ ਦੀ ਤਰੁੱਟੀ ਲਈ ਜਵਾਬਦੇਹੀ ਹੋਵੇਗੀ, ਜਿਸ ਕਾਰਨ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡਣਾ ਚਾਹੁੰਦੇ। ਇਸ ਕਾਰਨ ਡੀ. ਸੀ. ਵੱਲੋਂ ਰੋਜ਼ਾਨਾ ਮੌਕਾ ਦੇਖਿਆ ਜਾ ਰਿਹਾ ਹੈ। ਇਸ ਸਿਲਸਿਲੇ 'ਚ ਬੀਤੇ ਦਿਨ ਵੀ ਆਈ. ਜੀ. ਨੇ ਪ੍ਰੋਗਰਾਮ ਸਥਾਨ ਦਾ ਦੌਰਾ ਕੀਤਾ ਸੀ।

ਪ੍ਰਸ਼ਾਸਨ ਨੇ ਰੱਦ ਕਰਵਾਈ ਪਨਬਸ ਵੱਲੋਂ ਸੀ. ਐੱਮ. ਦੇ ਘਿਰਾਓ ਦੀ ਯੋਜਨਾ
ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪਨਬਸ ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਸੀ. ਐੱਮ. ਦਾ ਘਿਰਾਓ ਕਰਨ ਦੀ ਯੋਜਨਾ ਨੂੰ ਪ੍ਰਸ਼ਾਸਨ ਨੇ ਰੱਦ ਕਰਵਾ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਦਾ ਵਾਅਦਾ ਕੀਤਾ ਗਿਆ ਹੈ। ਇਸ ਸਬੰਧ ਵਿਚ ਯੂਨੀਅਨ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕਰਨ ਨੂੰ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ 14 ਤੋਂ 16 ਅਗਸਤ ਨੂੰ ਹੋਣ ਵਾਲੀ ਹੜਤਾਲ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।


shivani attri

Content Editor

Related News