ਜਿਸ ਸਟੇਡੀਅਮ ''ਤੇ ਬੈਂਕ ਦਾ ਕਬਜ਼ਾ, ਉਥੇ 15 ਅਗਸਤ ਨੂੰ ਕੈਪਟਨ ਲਹਿਰਾਉਣਗੇ ਤਿਰੰਗਾ

Sunday, Aug 11, 2019 - 10:15 AM (IST)

ਜਿਸ ਸਟੇਡੀਅਮ ''ਤੇ ਬੈਂਕ ਦਾ ਕਬਜ਼ਾ, ਉਥੇ 15 ਅਗਸਤ ਨੂੰ ਕੈਪਟਨ ਲਹਿਰਾਉਣਗੇ ਤਿਰੰਗਾ

ਜਲੰਧਰ (ਚੋਪੜਾ)— ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ 15 ਅਗਸਤ ਨੂੰ ਆਯੋਜਿਤ ਕੀਤੇ ਜਾ ਰਹੇ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਅਧਿਕਾਰੀਆਂ ਦੇ ਸਾਹ ਫੁੱਲੇ ਹੋਏ ਹਨ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨੀ ਹੈ ਅਤੇ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਨਾ ਹੈ। ਕਰੋੜਾਂ ਦੇ ਕਰਜ਼ੇ 'ਚ ਡੁੱਬੇ ਟਰੱਸਟ ਦੇ ਚੇਅਰਮੈਨ ਅਤੇ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਕਿਸੇ ਤਰ੍ਹਾਂ ਨਾਲ ਸੂਬਾ ਪੱਧਰੀ ਅਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਬਿਨਾਂ ਕਿਸੇ ਰੁਕਵਾਟ ਦੇ ਹੋ ਜਾਵੇ ਕਿਉਂਕਿ ਜੇਕਰ ਕੋਈ ਰੁਕਾਵਟ ਆ ਗਈ ਤਾਂ ਟਰੱਸਟ ਚੇਅਰਮੈਨ ਅਤੇ ਅਧਿਕਾਰੀਆਂ 'ਤੇ ਗਾਜ ਡਿੱਗਣੀ ਤੈਅ ਹੈ।

ਕਰੋੜਾਂ ਦੇ ਕਰਜ਼ੇ 'ਚ ਡੁੱਬੇ ਟਰੱਸਟ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਸਟੇਡੀਅਮ 'ਚ ਕੈਪਟਨ ਅਮਰਿੰਦਰ ਸਿੰਘ ਨੇ ਝੰਡਾ ਲਹਿਰਾਉਣਾ ਹੈ , ਉਸ ਸਟੇਡੀਅਮ ਦਾ ਪੰਜਾਬ ਨੈਸ਼ਨਲ ਬੈਂਕ ਨੇ ਕਬਜ਼ਾ ਲੈ ਰੱਖਿਆ ਹੈ। ਟਰੱਸਟ ਨੇ ਪੀ. ਐੱਨ. ਬੀ. ਦੇ ਚੀਫ ਮੈਨੇਜਰ ਨੂੰ ਇਕ ਪੱਤਰ ਲਿਖ ਕੇ ਸੁਤੰਤਰਤਾ ਦਿਵਸ ਸਮਾਗਮ ਨੂੰ ਦੇਖਦੇ ਹੋਏ ਸਾਰੇ ਝਗੜੇ ਇਕ ਪਾਸੇ ਰੱਖਣ ਨੂੰ ਕਿਹਾ ਹੈ ਤਾਂ ਜੋ ਸੁਤੰਤਰਤਾ ਦਿਵਸ ਪ੍ਰੋਗਰਾਮ ਵਿਚ ਕੋਈ ਰੁਕਾਵਟ ਨਾ ਆ ਸਕੇ।
ਜ਼ਿਕਰਯੋਗ ਹੈ ਕਿ ਟਰੱਸਟ ਨੇ ਬੈਂਕ ਦਾ 119 ਕਰੋੜ ਰੁਪਏ ਦਾ ਕਰਜ਼ਾ ਅਦਾ ਕਰਨਾ ਹੈ ਪਰ ਅਦਾਇਗੀ ਨਾ ਹੋਣ ਕਾਰਨ ਪੀ. ਐੱਨ. ਬੀ. ਨੇ ਟਰੱਸਟ ਦੇ ਖਾਤੇ ਨੂੰ ਨਾਨ-ਪ੍ਰ੍ਰੋਫਾਰਮੈਂਸ ਅਕਾਊਂਟ (ਐੱਨ. ਪੀ. ਏ) ਐਲਾਨ ਕੀਤਾ ਹੈ। ਬੈਂਕ ਨੇ 525 ਕਰੋੜ ਰੁਪਏ ਦੇ ਕਰੀਬ ਦੀ ਟਰੱਸਟ ਦੀ ਜਾਇਦਾਦ ਜ਼ਬਤ ਕਰ ਰੱਖੀ ਹੈ। ਬੈਂਕ ਨੇ ਰਿਕਵਰੀ ਲਈ ਸਟੇਡੀਅਮ ਨੂੰ 2 ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਪਰ ਨੀਲਾਮੀ 'ਚ ਕਿਸੇ ਬੋਲੀਦਾਤਾ ਦੇ ਸ਼ਾਮਲ ਨਾ ਹੋਣ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਟਰੱਸਟ ਚੇਅਰਮੈਨ ਦਲਜੀਤ ਆਹਲੂਵਾਲੀਆ ਕੋਸ਼ਿਸ਼ਾਂ 'ਚ ਜੁਟੇ ਹੋਏ ਹਨ ਕਿ ਪੀ. ਐੱਨ. ਬੀ. ਦੇ ਕਰਜ਼ੇ ਨੂੰ ਕੋਈ ਹੋਰ ਬੈਂਕ ਟੇਕਓਵਰ ਕਰ ਲਏ ਅਤੇ ਕੁਝ ਵੱਡੀ ਜਾਇਦਾਦ ਨੂੰ ਛੁਡਵਾ ਲਿਆ ਜਾਵੇ।

ਟਰੱਸਟ ਦੀ ਬੇਨਤੀ 'ਤੇ ਫੈਸਲਾ ਹੈੱਡ ਆਫਿਸ ਲਵੇਗਾ : ਕੇ . ਸੀ. ਗਗਰਾਨੀ
ਇੰਪਰੂਵਮੈਂਟ ਟਰੱਸਟ ਚੇਅਰਮੈਨ ਵਲੋਂ ਬੈਂਕ ਨੂੰ ਕੀਤੀ ਬੇਨਤੀ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਚੀਫ ਜਨਰਲ ਮੈਨੇਜਰ ਕੇ. ਸੀ. ਗਗਰਾਨੀ ਨੇ ਕਿਹਾ ਕਿ ਇਸ ਪੱਤਰ 'ਤੇ ਕੋਈ ਵੀ ਫੈਸਲਾ ਹੈੱਡ ਆਫਿਸ ਨੇ ਲੈਣਾ ਹੈ। ਉਨ੍ਹਾਂ ਨੇ ਪੱਤਰ ਨੂੰ ਹੈੱਡ ਆਫਿਸ ਭੇਜ ਦਿੱਤਾ ਹੈ। ਗਗਰਾਨੀ ਨੇ ਕਿਹਾ ਕਿ ਬੈਂਕ ਨੇ ਆਪਣੇ ਕਰਜ਼ੇ ਦੀ ਭਰਪਾਈ ਲਈ 2 ਵਾਰ ਕਰਵਾਈ ਗਈ ਬੋਲੀ ਸਫਲ ਨਹੀਂ ਹੋ ਸਕੀ ਸੀ ਪਰ ਪੀ. ਐੱਨ. ਬੀ., ਜਲਦੀ ਹੀ ਦੋਬਾਰਾ ਈ-ਬੋਲੀ ਜ਼ਰੀਏ ਵੇਚਣ ਦੀ ਕੋਸ਼ਿਸ਼ ਕਰੇਗਾ।
ਪ੍ਰਸ਼ਾਸਨ ਪ੍ਰੋਗਰਾਮ ਦੀਆਂ ਸ਼ੁਰੂ ਕਰ ਚੁੱਕਾ ਹੈ ਤਿਆਰੀਆਂ
ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਲਈਆਂ ਹਨ, ਜਿਸ ਤਹਿਤ ਪਿਛਲੇ ਕਈ ਦਿਨਾਂ ਤੋਂ ਸਟੇਡੀਅਮ ਦੀ ਦਸ਼ਾ ਨੂੰ ਸੁਧਾਰਿਆ ਜਾ ਰਿਹਾ ਹੈ, ਉਥੇ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀ-ਵਿਦਿਆਰਥਣਾਂ, ਪੁਲਸ ਕਰਮਚਾਰੀ, ਖਿਡਾਰੀਆਂ ਸਮੇਤ ਹੋਰ ਪ੍ਰਤੀਭਾਗੀ ਵੀ ਰੋਜ਼ਾਨਾ ਰਿਹਰਸਲ 'ਚ ਲੱਗੇ ਹੋਏ ਹਨ। ਦਰਸ਼ਕ ਗੈਲਰੀ 'ਚ ਲੱਗੀਆਂ ਕੁਰਸੀਆਂ ਸਮੇਤ ਬੈਠਣ ਦੀਆਂ ਹੋਰ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਸਟੇਡੀਅਮ ਦਾ ਰੰਗ ਰੋਗਨ ਕਰਵਾ ਕੇ ਉਸ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਕਾਰਣ ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਦੇ ਸੁਆਗਤ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।


author

shivani attri

Content Editor

Related News