ਕੈਪਟਨ ਦੱਸਣ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਲੀਨ ਚਿੱਟ ਕਿਉਂ ਦੇ ਰਹੇ : ਚੰਦੂਮਾਜਰਾ

12/29/2018 7:11:55 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਹੈ ਕਿ ਉਹ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਾਸ ਕਰਕੇ ਗਾਂਧੀ ਪਰਿਵਾਰ ਨੂੰ ਕਲੀਨ ਚਿਟ ਕਿਉਂ ਦੇ ਰਹੇ ਹਨ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰਨ ਵਾਲਿਆਂ ਪੰਜਾਬੀਆਂ ਨੂੰ ਜੇਲਾਂ ਵਿਚ ਕਿਉਂ ਸੁੱਟ ਰਹੇ ਹਨ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੂਬੇ ਅੰਦਰ ਦੋਸ਼ੀਆਂ ਦੇ ਬੁੱਤਾਂ ਦੀ ਰਾਖੀ ਕਰਕੇ ਮੁੱਖ ਮੰਤਰੀ ਅਪਰਾਧੀਆਂ ਦੀ ਪੁਸ਼ਤਪਨਾਹੀ ਦੀ ਕਾਂਗਰਸੀ ਰਵਾਇਤ ਨੂੰ ਜਾਰੀ ਰੱਖ ਰਹੇ ਹਨ। 
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਸਾਂਸਦ ਅਤੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਗਾਂਧੀ ਪਰਿਵਾਰ ਨੂੰ 1984 ਸਿੱਖ ਕਤਲੇਆਮ ਕੇਸ 'ਚੋਂ ਬਚਾਉਣ ਦਾ ਆਪਣਾ ਸਿਆਸੀ ਏਜੰਡਾ ਪੰਜਾਬੀਆਂ ਨੂੰ ਡਰਾ ਕੇ ਪੂਰਾ ਕਰਨ ਦੇ ਰੌਂਅ ਵਿਚ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬੀਆਂ ਦੇ ਅਚਾਨਕ ਫੁੱਟੇ ਗੁੱਸੇ ਕਰਕੇ ਪੰਜਾਬ ਅਤੇ ਦੇਸ਼ ਦੀ ਰਾਜਧਾਨੀ ਰਾਜੀਵ ਗਾਂਧੀ ਦੇ ਬੁੱਤਾਂ 'ਤੇ ਕਾਲਖ਼ ਮਲਣ ਦੀਆਂ ਘਟਨਾਵਾਂ ਵਾਪਰਨ ਲੱਗੀਆਂ ਤਾਂ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਇਕਦਮ ਡੂੰਘੀ ਨੀਂਦ 'ਚੋਂ ਛਾਲ ਮਾਰ ਕੇ ਬਾਹਰ ਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਿੱਖ ਸੰਗਤ ਦੇ ਫੁੱਟੇ ਗੁੱਸੇ ਦੀਆਂ ਇਨ੍ਹਾਂ ਘਟਨਾਵਾਂ ਨੂੰ ਸੂਬੇ ਅੰਦਰ ਅਮਨ ਅਤੇ ਫਿਰਕੂ ਸਦਭਾਵਨਾ ਦਾ ਮਾਹੌਲ ਵਿਗਾੜਣ ਵਾਲੀਆਂ ਕਰਾਰ ਦੇ ਕੇ ਪੰਜਾਬੀਆਂ ਨੂੰ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ 1984 ਦੇ ਦੋਸ਼ੀਆਂ ਖ਼ਿਲਾਫ ਉਪਜੇ ਜਨਤਾ ਦੇ ਗੁੱਸੇ ਨੂੰ ਭੰਨ-ਤੋੜ ਦੀਆਂ ਕਾਰਵਾਈਆਂ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਮੰਗ ਰਹੀਆਂ ਆਵਾਜ਼ਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ।


Gurminder Singh

Content Editor

Related News