ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਨਿਕਲੇ

Thursday, Aug 29, 2019 - 12:18 AM (IST)

ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਨਿਕਲੇ

ਚੰਡੀਗੜ੍ਹ,(ਅਸ਼ਵਨੀ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ. ਐੱਸ. ਸ਼ੇਰਗਿੱਲ ਨੇ ਗਾਰਡੀਅਨਜ਼ ਆਫ਼ ਗਵਰਨੈਂਸ (ਜੀ. ਓ. ਜੀਜ਼) ਨੂੰ ਅਪੀਲ ਕਰਦਿਆਂ, ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ। ਹੜ੍ਹਾਂ ਵਿਚ ਨੁਕਸਾਨੇ ਗਏ ਪਿੰਡਾਂ ਨੂੰ ਨਿਰਵਿਘਨ ਰਾਹਤ ਸਮੱਗਰੀ ਦੀ ਵੰਡ ਲਈ ਉਨ੍ਹਾਂ ਗਾਰਡੀਅਨਜ਼ ਆਫ਼ ਗਵਰਨੈਂਸ ਨਾਲ ਮੁਲਾਕਾਤ ਕੀਤੀ। ਬੁੱਧਵਾਰ ਨੂੰ ਸ਼ਾਹਕੋਟ (ਜਲੰਧਰ) ਅਤੇ ਮੱਖੂ (ਫਿਰੋਜ਼ਪੁਰ) ਵਿਖੇ ਜੀ. ਓ. ਜੀਜ਼ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ. ਐੱਸ. ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਮੁਹੱਈਆ ਕਰਵਾ ਰਹੀ ਹੈ। ਜ਼ਿਲਾ ਪ੍ਰਸ਼ਾਸਨ ਨੂੰ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰਨ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।

ਲੈਫਟੀਨੈਂਟ ਜਨਰਲ ਨੇ ਕਿਹਾ ਕਿ ਇਸ ਦੁੱਖ ਦੀ ਘਡ਼ੀ ਵਿਚ ਹਰੇਕ ਪੰਜਾਬੀ ਨੂੰ ਹਡ਼੍ਹ ਵਿਚ ਨੁਕਸਾਨੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਨਵਤਾ ਲਈ ਇਕ ਸੱਚੀ ਸੇਵਾ ਹੋਵੇਗੀ ਕਿਉਂ ਜੋ ਇਸ ਨਾਲ ਹੜ੍ਹਾਂ ਤੋਂ ਬਾਅਦ ਦੇ ਸਮੇਂ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਜ਼ਰੂਰੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਜੀ. ਓ. ਜੀਜ਼ ਸੂਬਾ ਸਰਕਾਰ ਦੀਆਂ ਅੱਖਾਂ ਅਤੇ ਕੰਨ ਹਨ। ਸਰਕਾਰ ਦੇ ਕੰਮਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੇ ਨਾਲ–ਨਾਲ ਦੁੱਖ ਦੀ ਘਡ਼ੀ ’ਚ ਦੇਸ਼ਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਜੀ. ਓ. ਜੀਜ਼ ਦੀ ਡਿਊਟੀ ਬਣਦੀ ਹੈ।


Related News