ਪੰਜਾਬ ''ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ ''ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ

Friday, Jun 05, 2020 - 06:52 PM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹਾਈ ਕੋਰਟ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਲਾਕਡਾਊਨ ਸਮੇਂ ਲਈ ਵਿਦਿਆਰਥੀਆਂ ਤੋਂ ਫੀਸ ਵਸੂਲਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਅਪੀਲ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਡੀਕਲ ਮਾਹਰਾਂ ਦੀ ਹਰੀ ਝੰਡੀ ਮਿਲਣ ਤੱਕ ਸਕੂਲਾਂ ਨੂੰ ਖ਼ੋਲ੍ਹਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਪੰਜਾਬ ''ਚ ਜਿੰਮ ਖੋਲ੍ਹੇ ਜਾਣ ''ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਪਟਿਆਲਾ ਵਿਖੇ ਕੁਝ ਮਾਪਿਆਂ ਵੱਲੋਂ ਸਕੂਲ ਖ਼ੋਲ੍ਹਣ ਲਈ ਕੀਤੇ ਰੋਸ ਪ੍ਰਦਰਸ਼ਨ 'ਤੇ ਸਵਾਲ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੀਡੀਓ ਕਾਨਫਰੰਸ ਵਿਚ ਕਿਹਾ ਕਿ ਉਹ ਬੱਚਿਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਉਦੋਂ ਤੱਕ ਸਕੂਲ ਨਹੀਂ ਖੋਲ੍ਹਾਗਾਂ ਜਦੋਂ ਤੱਕ ਮੈਨੂੰ ਇਸ ਮਾਮਲੇ 'ਤੇ ਮੈਡੀਕਲ ਸਲਾਹ ਨਹੀ ਮਿਲ ਜਾਂਦੀ। ਲਾਕ ਡਾਊਨ ਸਮੇਂ ਸਕੂਲਾਂ ਵੱਲੋਂ ਫ਼ੀਸ ਵਸੂਲਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਜਿਹੜਾ ਸਮਾਂ ਨਹੀਂ ਪੜ੍ਹਾਇਆ ਗਿਆ, ਉਸ ਦੀ ਕੋਈ ਵੀ ਫ਼ੀਸ ਨਾ ਵਸੂਲਣ ਦਾ ਸਹੀ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ 'ਤੇ ਮਾਪਿਆਂ ਕੋਲੋਂ ਫ਼ੀਸ ਵਸੂਲਣੀ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਸੂਬਾ ਸਰਕਾਰ ਵੱਲੋਂ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ ਜਲਦ ਹੀ ਰੀਵਿਊ ਪਟੀਸ਼ਨ ਪਾਈ ਜਾਵੇਗੀ।

ਇਹ ਵੀ ਪੜ੍ਹੋ : ਸੂਬੇ 'ਚ ਵੱਧ ਰਹੀ ਕੋਰੋਨਾ ਲਾਗ 'ਤੇ ਮੁੱਖ ਮੰਤਰੀ ਦਾ ਵੱਡਾ ਬਿਆਨ, ਪੰਜਾਬੀਆਂ ਨੂੰ ਕੀਤੀ ਇਹ ਅਪੀਲ


Gurminder Singh

Content Editor

Related News