ਪੰਜਾਬ ਕੈਬਨਿਟ ਵਿਸਥਾਰ ''ਚ ਕੈਪਟਨ ਦੀ ਚੱਲੀ!

04/20/2018 6:46:42 PM

ਚੰਡੀਗੜ੍ਹ : ਲੰਬੀ ਉਡੀਕ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਹੋਈ ਬੈਠਕ ਵਿਚ ਆਖਿਰ ਪੰਜਾਬ ਕੈਬਨਿਟ ਦੇ ਵਿਸਥਾਰ 'ਤੇ ਸਹਿਮਤੀ ਬਣ ਗਈ। ਦੋਵਾਂ ਆਗੂਆਂ ਦੀ ਸਹਿਮਤੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਡੇਰਾ ਬਾਬਾ ਨਾਨਕ, ਸੁਖਬਿੰਦਰ ਸਿੰਘ ਸਰਕਾਰੀਆ ਵਿਧਾਇਕ ਰਾਜਾ ਸਾਂਸੀ, ਵਿਜੇ ਇੰਦਰ ਸਿੰਗਲਾ ਵਿਧਾਇਕ ਸੰਗਰੂਰ, ਭਾਰਤ ਭੂਸ਼ਨ ਆਸ਼ੂ ਵਿਧਾਇਕ ਲੁਧਿਆਣਾ ਪੱਛਮੀ, ਸੁੰਦਰ ਸ਼ਾਮ ਅਰੋੜਾ ਵਿਧਾਇਕ ਹੁਸ਼ਿਆਰਪੁਰ, ਓ.ਪੀ. ਸੋਨੀ ਵਿਧਾਇਕ ਅੰਮ੍ਰਿਤਸਰ ਪੱਛਮੀ, ਰਾਣਾ ਗੁਰਮੀਤ ਸੋਢੀ ਵਿਧਾਇਕ ਗੁਰੂਹਰਸਹਾਏ, ਗੁਰਪ੍ਰੀਤ ਕਾਂਗੜ ਵਿਧਾਇਕ ਰਾਮਪੁਰਾ ਫੂਲ, ਬਲਬੀਰ ਸਿੱਧੂ ਵਿਧਾਇਕ ਮੋਹਾਲੀ ਦੇ ਨਾਂ 'ਤੇ ਮੋਹਰ ਲੱਗ ਗਈ।
ਪੰਜਾਬ ਕੈਬਨਿਟ ਦੇ ਵਿਸਥਾਰ ਲਈ ਚੁਣੇ ਗਏ 9 'ਚੋਂ 8 ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਜਦਕਿ ਇਨ੍ਹਾਂ ਵਿਚੋਂ ਇਕ ਮੰਤਰੀ ਵਿਜੇ ਇੰਦਰ ਸਿੰਗਲਾ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਰਾਜ ਕੁਮਾਰ ਵੇਰਕਾ ਦੇ ਨਾਂ 'ਤੇ ਅਤੇ ਨਵਜੋਤ ਸਿੱਧੂ ਦੇ ਕਰੀਬੀ ਪਰਗਟ ਸਿੰਘ ਦੇ ਨਾਂ 'ਤੇ ਸਹਿਮਤੀ ਨਹੀਂ ਬਣ ਸਕੀ। ਇਸ ਦੌੜ ਵਿਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਵੀ ਸ਼ਾਮਿਲ ਸੀ ਪਰ ਇਸ 'ਤੇ ਸਹਿਮਤੀ ਨਹੀਂ ਬਣ ਸਕੀ।


Related News