ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

Wednesday, Aug 04, 2021 - 10:25 AM (IST)

ਜਲੰਧਰ (ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਨੇਤਾਵਾਂ ਨੂੰ ਮਿਲ ਕੇ ਜਿੱਥੇ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਜਾਣਕਾਰੀ ਲੈਣ ’ਚ ਲੱਗੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਵੀ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ’ਚ ਲੱਗੇ ਹੋਏ ਹਨ।
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਰੋਜ਼ਾਨਾ ਇਕ ਦਰਜਨ ਦੇ ਕਰੀਬ ਵਿਧਾਇਕਾਂ ਨਾਲ ਬੈਠਕਾਂ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਵਿਧਾਇਕਾਂ ਨਾਲ ਰਾਬਤਾ ਜਾਰੀ ਰੱਖੇ ਹੋਏ ਹਨ ਅਤੇ ਅੱਗੇ ਵੀ ਉਹ ਇਸ ਮੁਹਿੰਮ ਨੂੰ ਆਉਂਦੀਆਂ ਚੋਣਾਂ ਤੱਕ ਜਾਰੀ ਰੱਖਣਗੇ।

ਕਰਜ਼ੇ ਦੇ ਬੋਝ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਢਾਈ ਸਾਲ ਪਹਿਲਾਂ ਵਿਆਹੇ 28 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਨਾਲ ਬੈਠਕ ਦੌਰਾਨ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਖੁਦ ਹੀ ਉਹ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਨਾਲ ਜਿੱਥੇ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੁੱਖ ਮੰਤਰੀ ਦੇ ਧਿਆਨ ’ਚ ਸਾਰੇ ਮਾਮਲੇ ਆ ਰਹੇ ਹਨ, ਉੱਥੇ ਹੀ ਇਸ ਨਾਲ ਮੁੱਖ ਮੰਤਰੀ ਅਗਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਵੀ ਲੱਗੇ ਹੋਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਕਾਂਗਰਸੀ ਵਿਧਾਇਕ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੀ ਨਵੀਂ ਟੀਮ ਦੀ ਕਿਸ਼ਤੀ ’ਚ ਸਵਾਰ ਹੁੰਦੇ ਦਿਖਾਈ ਦੇ ਰਹੇ ਸਨ, ਉਨ੍ਹਾਂ ’ਚੋਂ ਕਈ ਹੁਣ ਮੁੱਖ ਮੰਤਰੀ ਨਾਲ ਬੈਠਕਾਂ ਕਰ ਕੇ ਆਪਣੇ ਕੰਮ ਸੰਵਾਰਨ ’ਚ ਲੱਗ ਗਏ ਹਨ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

ਵਿਧਾਇਕਾਂ ਨੂੰ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ-ਆਪਣੇ ਵਿਧਾਨ ਸਭਾ ਖੇਤਰਾਂ ’ਚ ਵਿਕਾਸ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਉਣਾ ਹੈ ਅਤੇ ਨਾਲ ਹੀ ਨਵੇਂ ਵਿਕਾਸ ਕੰਮਾਂ ਲਈ ਸਰਕਾਰ ਤੋਂ ਗ੍ਰਾਂਟਾਂ ਵੀ ਲੈਣੀਆਂ ਹਨ। ਇਹ ਗ੍ਰਾਂਟਾਂ ਮੁੱਖ ਮੰਤਰੀ ਵੀ ਮਨਜ਼ੂਰ ਕਰ ਸਕਦੇ ਹਨ, ਇਸ ਲਈ ਹੁਣ ਮੁੱਖ ਮੰਤਰੀ ਦੇ ਦਰਬਾਰ ’ਚ ਰੋਜ਼ਾਨਾ ਵਿਧਾਇਕਾਂ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News