ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

07/23/2021 10:33:52 AM

ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਆਪਣੀ ਰਣਨੀਤੀ ਬਦਲ ਦਿੱਤੀ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਇਕ ਹਫ਼ਤੇ ਦੌਰਾਨ ਅਨੇਕਾਂ ਕਾਂਗਰਸੀ ਵਿਧਾਇਕਾਂ, ਮੰਤਰੀਆਂ ਅਤੇ ਕਾਂਗਰਸੀ ਨੇਤਾਵਾਂ ਦੇ ਨਾਲ ਬੈਠਕਾਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਉਨ੍ਹਾਂ ਤੋਂ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਹਨ।

ਇਨ੍ਹਾਂ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਆਪਣੇ ਨਜ਼ਦੀਕ ਲਿਆਉਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਸੂਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਨੇਤਾਵਾਂ ਦੇ ਨਾਲ ਬੈਠਕਾਂ ਕਰਨ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਨੂੰ ਹੁਣ ਉਹ ਰੋਕਣ ਵਾਲੇ ਨਹੀਂ ਹਨ, ਸਗੋਂ ਇਸ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਕੈਪਟਨ ਅਮਰਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਾਰਟੀ ਨੇਤਾਵਾਂ ਅਤੇ ਚੁਣੇ ਹੋਏ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਨੇ ਇਹ ਗੱਲ ਤਾਂ ਮੰਨੀ ਹੈ ਕਿ ਇਨ੍ਹਾਂ ਬੈਠਕਾਂ ਦੌਰਾਨ ਉਨ੍ਹਾਂ ਨੂੰ ਜੋ ਫੀਡਬੈਕ ਮਿਲਿਆ ਹੈ ਉਹ ਸਰਕਾਰ ਦੀ ਬਿਹਤਰੀ ਲਈ ਵਧੀਆ ਹੈ। ਕਈ ਵਾਰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਅਧਿਕਾਰੀਆਂ ਨੂੰ ਫੋਨ ਕਰਕੇ ਚੁਣੇ ਹੋਏ ਮੈਂਬਰਾਂ ਨੂੰ ਪੂਰਾ ਮਾਨ-ਸਨਮਾਨ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ। ਕਾਂਗਰਸ ਸੂਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਅਤੇ ਸਰਕਾਰ ਦੋਵਾਂ ਵਿਚਾਲੇ ਤਾਲਮੇਲ ਨੂੰ ਹੋਰ ਵਧਾਉਣਗੇ। ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਵੀ ਹੁਣ ਇਹੀ ਰਹੇਗੀ ਕਿ ਸਾਰੇ ਖੇਤਰਾਂ ’ਚ ਸੰਤੁਲਨ ਨੂੰ ਬਣਾਇਆ ਜਾਵੇ। ਕਿਸੇ ਇਕ ਵਿਸ਼ੇਸ਼ ਨੇਤਾ ਨੂੰ ਜ਼ਿਆਦਾ ਉਭਰਣ ਦਾ ਮੌਕਾ ਦੇਣ ਦੀ ਬਜਾਏ ਬਰਾਬਰ ਰੂਪ ’ਚ ਨੇਤਾਵਾਂ ਨਾਲ ਬੈਠਕਾਂ ਕਰ ਕੇ ਉਨ੍ਹਾਂ ਦਾ ਰੁਤਬਾ ਕਾਇਮ ਕੀਤਾ ਜਾਵੇ।

ਕਾਂਗਰਸ ਸੂਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜੇ ਅਗਲੇ 10-15 ਦਿਨ ਲਗਾਤਾਰ ਵਿਧਾਇਕਾਂ, ਮੰਤਰੀਆਂ ਅਤੇ ਕਾਂਗਰਸ ਨੇਤਾਵਾਂ ਨਾਲ ਬੈਠਕਾਂ ਦਾ ਦੌਰ ਜਾਰੀ ਰੱਖਣ ਵਾਲੇ ਹਨ। ਇਸ ਦੌਰਾਨ ਉਹ ਸਾਰੇ ਵਿਧਾਇਕਾਂ ਨੂੰ ਉਨ੍ਹਾਂ ਦੇ ਵਿਧਾਨ ਸਭਾ ਖੇਤਰਾਂ ਲਈ ਜਿੱਥੇ ਫੰਡ ਅਲਾਟ ਕਰਨਗੇ, ਉਥੇ ਹੀ ’ਤੇ ਦੂਜੇ ਪਾਸੇ ਵਿਧਾਇਕਾਂ ਤੋਂ ਪੁੱਛਿਆ ਜਾਵੇਗਾ ਕਿ ਵਿਧਾਨ ਸਭਾ ਚੋਣਾਂ ਲੜਣ ਲਈ ਉਨ੍ਹਾਂ ਦੀਆਂ ਕੀ ਤਿਆਰੀਆਂ ਹਨ ਅਤੇ ਸਰਕਾਰ ਇਸ ’ਚ ਕੀ ਯੋਗਦਾਨ ਦੇ ਸਕਦੀ ਹੈ। ਹਾਲਾਂਕਿ ਇਸ ਵਾਰ ਚੋਣ ਟੱਕਰ ਤਿੱਖੀ ਹੋਣੀ ਹੈ ਇਸ ਲਈ ਵਿਧਾਇਕਾਂ ਲਈ ਸਰਕਾਰ ਅਤੇ ਪਾਰਟੀ ਦੋਵਾਂ ਨੂੰ ਚੋਣ ਲੜਣ ਲਈ ਵਿਆਪਕ ਸਰੋਤਾਂ ਦਾ ਪ੍ਰਬੰਧ ਵੀ ਕਰਨਾ ਪਵੇਗਾ। ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਾਰੇ ਵਿਧਾਨ ਸਭਾ ਖੇਤਰਾਂ ’ਚ ਸਰਕਾਰ ਵਲੋਂ ਵਿਕਾਸ ਪ੍ਰਾਜੈਕਟਾਂ ਨੂੰ ਇਕ ਰਫ਼ਤਾਰ ਦੇਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਦੀ ਕੈਪਟਨ ਨੂੰ ਚਿੱਠੀ, ਕਿਹਾ-ਤਾਜਪੋਸ਼ੀ ਸਮਾਗਮ ’ਚ ਪਹੁੰਚ ਦਿਓ ਆਪਣਾ ਆਸ਼ੀਰਵਾਦ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News