ਕੈਪਟਨ ਦੇ ਤਿੰਨ ਮੰਤਰੀਆਂ ਨੇ ਦਿੱਲੀ ''ਚ ਸਿੱਧੂ ਖਿਲਾਫ ਖੋਲ੍ਹਿਆ ਮੋਰਚਾ
Friday, Jul 05, 2019 - 05:48 PM (IST)

ਨਵੀਂ ਦਿੱਲੀ\ਚੰਡੀਗੜ੍ਹ (ਕਮਲ ਕਾਂਸਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਪੈਦਾ ਹੋਏ ਮਤਭੇਦ ਹੱਲ ਨਹੀਂ ਹੋ ਰਹੇ। ਇਸ ਦਰਮਿਆਨ ਖਬਰ ਮਿਲੀ ਹੈ ਕਿ ਪੰਜਾਬ ਦੇ ਤਿੰਨ ਮੰਤਰੀਆਂ ਨੇ ਕੇਂਦਰੀ ਲੀਡਰਸ਼ਿਪ ਕੋਲ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਤਿੰਨ ਮੰਤਰੀਆਂ ਵਲੋਂ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਕਰਕੇ ਬਕਾਇਦਾ ਇਸ ਦੀ ਜਾਣਕਾਰੀ ਵੀ ਦਿੱਤੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਕੈਬਨਿਟ ਮੰਤਰੀ ਵਿਚ ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਸੰਦੀਪ ਸਿੰਘ ਸੰਧੂ, ਪਟਿਆਲਾ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਦੇ ਮੇਅਰ ਵੀ ਸ਼ਾਮਲ ਹਨ। ਸਬੰਧਤ ਮੰਤਰੀਆਂ ਵਲੋਂ ਅਹਿਮਦ ਪਟੇਲ ਨੂੰ ਨਵਜੋਤ ਸਿੱਧੂ ਦੇ ਪਹਿਲੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਹੈ। ਇਥੇ ਹੀ ਬਸ ਨਹੀਂ ਨਵਜੋਤ ਸਿੱਧੂ ਵਲੋਂ ਸਾਥੀ ਮੰਤਰੀਆਂ ਲਈ ਵਰਤੇ ਜਾਂਦੇ ਮਾੜੇ ਰਵੱਈਏ ਤੋਂ ਵੀ ਅਹਿਮਦ ਪਟੇਲ ਕੋਲ ਸ਼ਿਕਾਇਤ ਕੀਤੀ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੇ ਜੂਨ ਨੂੰ ਆਪਣੀ ਵਜ਼ਾਰਤ ਦੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲ ਕੇ ਬਿਜਲੀ ਵਿਭਾਗ ਦੇ ਦਿੱਤਾ ਸੀ ਪਰ ਉਨ੍ਹਾਂ ਨੇ ਅਜੇ ਤਕ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ।