ਪੰਜਾਬ ਕਾਂਗਰਸ ’ਚ ਮਚੀ ਤਰਥੱਲੀ, ਹੁਣ ਕੈਪਟਨ ਦੇ ਮੰਤਰੀਆਂ ਨੇ ਨਵਜੋਤ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ
Tuesday, May 11, 2021 - 09:52 PM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ਕਈ ਮੰਤਰੀ ਖੁੱਲ੍ਹ ਕੇ ਮੈਦਾਨ ਵਿਚ ਆ ਗਏ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੌਤ ਨੇ ਇਕਸੁਰ ਵਿਚ ਕਾਂਗਰਸ ਹਾਈਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਵਿਧਾਇਕ ਸਿੱਧੂ ਵਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਨਿੱਜੀ ਕਿਸਮ ਦੇ ਹਮਲੇ ਕਰਨਾ ਪਾਰਟੀ ਵਿਰੋਧੀ ਕਾਰਾ ਹੈ, ਜੋ ਕਿ ਤੁਰੰਤ ਹੀ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਬੋਲਿਆ ਕੈਪਟਨ ’ਤੇ ਹਮਲਾ, ਸੋਸ਼ਲ ਮੀਡੀਆ ’ਤੇ ਆਖੀ ਵੱਡੀ ਗੱਲ
ਮੰਤਰੀਆਂ ਨੇ ਕਿਹਾ ਕਿ ਸਿੱਧੂ ਵਲੋਂ ਮੁੱਖ ਮੰਤਰੀ ਖ਼ਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਇਕ ਲੋਕਤੰਤਰੀ ਸਿਆਸੀ ਦਲ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਹੁਣ ਹੋਰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਜਦੋਂ ਕਿ ਅਸੈਂਬਲੀ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਇਨ੍ਹਾਂ ਮੰਤਰੀਆਂ ਨੇ ਚਿਤਾਵਨੀ ਦੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਸਿੱਧੂ ਖ਼ਿਲਾਫ਼ ਹੁਣ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪਾਰਟੀ ਦੀ ਸੂਬਾ ਇਕਾਈ ਵਿਚ ਬਦਅਮਨੀ ਫੈਲ ਜਾਵੇਗੀ ਜੋ ਕਿ ਪਾਰਟੀ ਲਈ ਉਸ ਸਮੇਂ ਬੇਹੱਦ ਘਾਤਕ ਸਿੱਧ ਹੋਵੇਗੀ ਜਦੋਂ ਕਿ 5 ਸੂਬਿਆਂ ਦੀਆਂ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਵੱਡਾ ਧੱਕਾ ਲੱਗਾ ਹੈ।
ਇਹ ਵੀ ਪੜ੍ਹੋ : ਜਾਣੋ ਕੌਣ ਹਨ ਕੋਟਕਪੂਰਾ ਪੁਲਸ ਗੋਲੀ ਕਾਂਡ ਮਾਮਲੇ ’ਚ ਜਾਂਚ ਕਰਨ ਵਾਲੀ ਨਵੀਂ ਐੱਸ. ਆਈ. ਟੀ. ਦੇ ਅਫ਼ਸਰ
ਸਿੱਧੂ ’ਤੇ ਹਮਲੇ ਕਰਦੇ ਹੋਏ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਇਹ ਹੁਣ ਬਿਲਕੁਲ ਸਾਫ਼ ਹੋ ਚੁੱਕਾ ਹੈ ਕਿ ਸਿੱਧੂ ਦੀ ਨੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਰਫ਼ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਹੀ ਚਿੰਤਾ ਹੈ ਅਤੇ ਉਹ ਆਪਣੇ ਇਲਜ਼ਾਮਾਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪੰਜਾਬ ਕਾਂਗਰਸ ਵਿਚ ਨਾ-ਪੱਖੀ ਮਾਹੌਲ ਸਿਰਜਣਾ ਚਾਹੁੰਦੇ ਹਨ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਵਿਚ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਅਤੇ ਉਸ ਤੋਂ ਬਾਅਦ ਸੂਬੇ ਵਿਚ ਹੋਈ ਹਰ ਵੱਡੀ ਚੋਣ ਵਿਚ ਵੀ ਪਾਰਟੀ ਦੀ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ।
ਇਹ ਵੀ ਪੜ੍ਹੋ : ਨਵੀਂ ਸਿਟ ਬਣਾਉਣ ਤੋਂ ਬਾਅਦ ਕੈਪਟਨ ’ਤੇ ਮੁੜ ਵਰ੍ਹੇ ਸਿੱਧੂ, ਸੋਸ਼ਲ ਮੀਡੀਆ ’ਤੇ ਫਿਰ ਕੀਤਾ ਧਮਾਕਾ
ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆਂ ’ਤੇ ਅਪਣਾਏ ਜਾ ਰਹੇ ਹਮਲਾਵਰ ਰੁਖ਼ ਨੂੰ ਕਾਂਗਰਸ ਹਾਈਕਮਾਨ ’ਤੇ ਦਬਾਅ ਪਾ ਕੇ ਆਪਣੀਆਂ ਗੈਰ-ਵਾਜਬ ਮੰਗਾਂ ਮਨਵਾਉਣ ਦੀ ਕੋਸ਼ਿਸ਼ ਗਰਦਾਨਦਿਆਂ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਜੇਕਰ ਪਾਰਟੀ ਵਲੋਂ ਇਸ ਲਗਾਤਾਰ ਹੋ ਰਹੇ ਕੂੜ ਪ੍ਰਚਾਰ ਖ਼ਿਲਾਫ਼ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਇਸ ਨਾਲ ਹੋਰ ਬਾਗੀ ਅਤੇ ਉੱਚਾ ਉੱਡਣ ਦੇ ਚਾਹਵਾਨ ਮੈਂਬਰਾਂ ਨੂੰ ਖੁੱਲ੍ਹੇ ਤੌਰ ’ਤੇ ਕਾਂਗਰਸ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ ਅਤੇ ਉਹ ਵੀ ਪਾਰਟੀ ਦੀ ਸਰਪ੍ਰਸਤੀ ਹੇਠ ਰਹਿੰਦੇ ਹੋਏ। ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੀਤੇ ਸਮੇਂ ਦੌਰਾਨ ਸਿੱਧੂ ਨਾਲ ਕਿਸੇ ਵੀ ਕਥਿਤ ਵਖਰੇਵੇਂ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ਵਿਚ ਕੈਪਟਨ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਮੰਗੀ ਮਦਦ
ਮੰਤਰੀਆਂ ਨੇ ਕਿਹਾ ਕਿ ਇਹ ਸਾਫ਼ ਹੋ ਚੁੱਕਾ ਹੈ ਕਿ ਸਿੱਧੂ ਨਾ-ਮੰਨਣ ਦਾ ਫ਼ੈਸਲਾ ਕਰ ਚੁੱਕੇ ਹਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਸੌੜੀ ਸਿਆਸਤ ਖੇਡ ਰਹੇ ਹਨ। ਮੰਤਰੀਆਂ ਵਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਅਪੀਲ ਕੀਤੀ ਗਈ ਕਿ ਇਸ ਬਗਾਵਤ ਨੂੰ ਸਮਾਂ ਰਹਿੰਦਿਆਂ ਹੀ ਠੱਲ੍ਹ ਪਾਈ ਜਾਵੇ ਤਾਂ ਜੋ ਕਾਂਗਰਸ ਪੰਜਾਬ ਵਿਚਲੀ ਮਜ਼ਬੂਤ ਸਥਿਤੀ ਤੋਂ ਤਿਲਕਦੀ ਹੋਈ ਕਿਤੇ ਹਾਰ ਦੇ ਰਾਹ ਨਾ ਪੈ ਜਾਵੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਕਿਹਾ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਸਰਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?