ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਕਰ ਰਹੀ ਸ਼ਲਾਘਾਯੋਗ ਕੰਮ : ਮੁਹੰਮਦ ਸਦੀਕ

09/22/2019 4:42:31 PM

ਮੋਗਾ (ਬਿੰਦਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪੰਜਾਬ ਵਿਚ ਜਿੱਥੇ ਸਰਕਾਰ ਵਲੋਂ ਰੁਜ਼ਗਾਰ ਮੇਲੇ ਲਾ ਕੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਸਥਾਈ ਤੌਰ 'ਤੇ ਵੀ ਕੈਪਟਨ ਸਰਕਾਰ ਨੇ ਵੱਖ-ਵੱਖ ਵਿਭਾਗਾਂ 'ਚ ਮੁਲਾਜ਼ਮਾਂ ਦੀਆਂ ਖਾਲੀ 19000 ਅਸਾਮੀਆਂ ਨੂੰ ਤਰਜੀਹੀ ਆਧਾਰ 'ਤੇ ਭਰਨ ਦਾ ਫੈਸਲਾ ਕੀਤਾ ਹੈ। ਉਹ ਇਕ ਸ਼ਲਾਘਾਯੋਗ ਕਦਮ ਹੈ।ਇਹ ਵਿਚਾਰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਅੱਜ ਇਥੇ ਮੋਗਾ ਵਿਖੇ 'ਜਗ ਬਾਣੀ' ਨਾਲ ਸਾਂਝੇ ਕੀਤੇ।

ਉਨ੍ਹਾਂ ਆਖਿਆ ਕਿ ਅਸਾਮੀਆਂ ਭਰਨ ਦੇ ਫੈਸਲੇ ਨਾਲ ਪੁਲਸ ਵਿਭਾਗ ਵਿਚ 5000, ਪਾਵਰਕੌਮ ਵਿਚ 5300, ਅਧਿਆਪਕਾਂ ਦੀਆਂ 2500, ਪੈਰਾ ਮੈਡੀਕਲ ਸਟਾਫ ਤੇ ਡਾਕਟਰਾਂ ਦੀਆਂ 5000 ਅਤੇ ਮਾਲ ਵਿਭਾਗ ਦੀਆਂ 1300 ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿਭਾਗਾਂ ਵਿਚ ਅਸਾਮੀਆਂ ਪੂਰੀਆਂ ਹੋਣ ਨਾਲ ਬੇਰੁਜ਼ਗਾਰਾਂ ਨੂੰ ਜਿੱਥੇ ਰੁਜ਼ਗਾਰ ਮਿਲੇਗਾ, ਉਥੇ ਹੀ ਲੋਕਾਂ ਨੂੰ ਵੀ ਵਧੀਆ ਸਹੂਲਤਾਂ ਮਿਲ ਸਕਣਗੀਆਂ ਕਿਉਂਕਿ ਦਫ਼ਤਰਾਂ 'ਚ ਸਟਾਫ ਦੀ ਘਾਟ ਕਾਰਨ ਅਕਸਰ ਲੋਕਾਂ ਨੂੰ ਖੱਜ਼ਲ ਖ਼ੁਆਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। 

ਉਨ੍ਹਾਂ ਆਖਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮਨਾਉਣ ਨੂੰ ਲੈ ਕੇ ਕੈਪਟਨ ਸਰਕਾਰ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ ਅਤੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਸਰਕਾਰ ਨੇ ਉਹ ਕੰਮ ਕੀਤੇ ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰ ਰਿਹਾ ਉਲਟਾ ਸਰਕਾਰ ਦੇ ਕੰਮਾਂ ਦੀ ਪ੍ਰਸ਼ੰਸਾ ਕਰਨ ਦੀ ਬਜਾਏ ਉਨ੍ਹਾਂ ਨੂੰ ਭੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਕੋਈ ਆਧਾਰ ਨਹੀਂ ਰਹਿ ਗਿਆ। ਉਨ੍ਹਾਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੀ ਤਰੱਕੀ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਿਸ ਕਾਰਨ ਦੇਸ਼ ਦੀ ਆਰਥਿਕਤਾ ਦਿਨੋਂ ਦਿਨ ਕਮਜ਼ੋਰ ਪੈ ਰਹੀ ਹੈ।


Gurminder Singh

Content Editor

Related News