ਕਸ਼ਮੀਰੀ ਆਗੂਆਂ ਦੀਆਂ ਗ੍ਰਿਫਤਾਰੀਆਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵਿਰੋਧ
Tuesday, Aug 06, 2019 - 09:29 PM (IST)
ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਸਿਆਸੀ ਆਗੂਆਂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ, ਜਿਨ੍ਹਾਂ ਨੂੰ ਉਸ ਸਿਆਸੀ ਪਾਰਟੀ ਦੇ ਹੁਕਮਾਂ 'ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਐਮਰਜੰਸੀ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਤਿੱਖਾ ਵਿਰੋਧ ਕੀਤਾ ਸੀ। ਕਸ਼ਮੀਰੀ ਆਗੂਆਂ ਦੀ ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਗਲਤ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਇਹ ਦੋਹਰਾ ਮਾਪਦੰਡ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਐਮਰਜੰਸੀ ਦੌਰਾਨ ਅਜਿਹੀਆਂ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਸੀ ਪਰ ਉਸ ਨੇ ਕਸ਼ਮੀਰ ਦੇ ਮਾਮਲੇ 'ਚ ਇਹ ਜ਼ਿੰਮੇਵਾਰੀ ਨਹੀਂ ਨਿਭਾਈ। ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਇਕ ਗੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਨਾ ਹੀ ਕਰਤਾਰਪੁਰ ਲਾਂਘੇ ਤੇ ਨਾ ਹੀ ਕਸ਼ਮੀਰ 'ਚ ਅੱਤਵਾਦ 'ਤੇ ਧਾਰਾ 370 ਨਾਲ ਕੋਈ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਵਿਧਾਨਿਕ ਤਬਦੀਲੀਆਂ ਨਾਲ ਇਨ੍ਹਾਂ ਮੁੱਦਿਆਂ ਦਾ ਕੋਈ ਸਬੰਧ ਨਹੀਂ ਹੈ।
ਇਸ ਨਾਲ ਘਾਟੀ 'ਚ ਅੱਤਵਾਦ ਦਾ ਖਾਤਮਾ ਹੋਣ ਦੇ ਭਾਜਪਾ ਦੇ ਦਾਅਵੇ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਇਸ ਨੂੰ ਅੱਤਵਾਦ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫੌਜ ਤੇ ਪੁਲਸ ਸਮੇਤ ਸੁਰੱਖਿਆ ਫੋਰਸਾਂ ਅੱਤਵਾਦ ਵਿਰੁੱਧ ਲੜ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਇਹ ਫੋਰਸਾਂ ਕਸ਼ਮੀਰ 'ਚੋਂ ਅੱਤਵਾਦ ਦੇ ਸਫਾਏ ਲਈ ਲਗਾਤਾਰ ਕਾਰਜ ਕਰਦੀਆਂ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਧਾਰਾ 370 ਦੀ ਵੈਧਤਾ 'ਤੇ ਬਹਿਸ ਕੀਤੀ ਜਾ ਸਕਦੀ ਹੈ ਪਰ ਕੇਂਦਰ ਸਰਕਾਰ ਵਲੋਂ ਅਪਣਾਈ ਗਈ ਪ੍ਰਕਿਰਿਆ ਗੈਰ ਸਵਿਧਾਨਕ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਨਿਯਮਾਂ ਨੂੰ ਨਹੀਂ ਆਪਣਾਇਆ ਗਿਆ। ਇਸ ਤਰ੍ਹਾਂ ਦਾ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਆਮ ਸਹਿਮਤੀ ਤਿਆਰ ਕਰਨ 'ਚ ਅਸਫਲ ਰਹਿਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ ਹੈ ਤੇ ਇਹ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਕੇਂਦਰ ਦੀ ਸਿਲਸਲੇਵਾਰ ਕੋਸ਼ਿਸ਼ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵਲੋਂ ਇਸ ਦੇ ਸਵਾਗਤ ਕਰਨ ਦੇ ਫੈਸਲੇ 'ਤੇ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਘੀ ਢਾਂਚੇ ਦੇ ਮਾਮਲੇ 'ਤੇ ਉਲਟ ਕਲਾਬਾਜ਼ੀ ਮਾਰੀ ਹੈ, ਜੋ ਕਿ ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਤੱਤ ਦੇ ਵਿਰੁੱਧ ਹੈ।