ਕੈਪਟਨ ਸਾਹਮਣੇ ਖੁੱਲ੍ਹ ਕੇ ਬੋਲੇ ਮੰਤਰੀ ਤੇ ਵਿਧਾਇਕ, ਸਖਤ ਕਦਮ ਚੁੱਕਣ ਲਈ ਕਿਹਾ
Tuesday, Aug 06, 2019 - 06:40 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੋਮਵਾਰ ਦਿੱਤੇ ਰਾਤਰੀ ਭੋਜ ਵਿਚ ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਖੁੱਲ੍ਹ ਕੇ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਮੁੱਖ ਮੰਤਰੀ ਸਾਹਮਣੇ ਉਜਾਗਰ ਕੀਤਾ। ਕਾਂਗਰਸੀ ਲੀਡਰਾਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਧਾਰਾ 370 ਤੋੜ ਸਕਦੀ ਹੈ ਤਾਂ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਸਨ, ਉਹ ਵਾਅਦੇ ਸਰਕਾਰ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਪੂਰੇ ਕਿਉਂ ਨਹੀਂ ਕਰਦੀ। ਇਸ ਸਬੰਧੀ ਭਰੋਸੇਯੋਗ ਸੂਤਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਵਿਧਾਇਕਾਂ ਤੇ ਮੰਤਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਪਿਛਲੀ ਸਰਕਾਰ ਦੀਆਂ ਕਈ ਬੇਨਿਯਮੀਆਂ ਸਾਹਮਣੇ ਆਉਣ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ 'ਚ ਸੂਬਾ ਸਰਕਾਰ ਬਾਦਲਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀ। ਰਾਤਰੀ ਭੋਜ ਸਮੇਂ ਬਹੁਤੀ ਚਰਚਾ ਬੇਅਦਬੀ ਦੇ ਮਾਮਲੇ 'ਤੇ ਹੀ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਸਨ ਜੇ ਉਹ ਪੂਰੇ ਨਹੀਂ ਕੀਤੇ ਗਏ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਸਮੇਂ ਸੂਬੇ ਦੀ ਘੱਟ ਗਿਣਤੀ ਤਾਂ ਦੂਰ ਜਾਵੇਗੀ ਹੀ ਹੋਰ ਧਿਰਾਂ ਵੀ ਖਿਸਕ ਸਕਦੀਆਂ ਹਨ।
ਕਾਂਗਰਸ ਵਿਧਾਇਕ ਤੇ ਮੰਤਰੀ ਤਕ ਵੀ ਸਰਕਾਰ ਦੀ ਕਾਰਗੁਜ਼ਾਰੀ ਖ਼ੁਸ਼ ਨਹੀਂ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਮੁੱਖ ਮੰਤਰੀ ਹੀ ਬਿਹਤਰ ਬਣਾ ਸਕਦਾ ਹਨ ਤੇ ਇਹ ਤਾਂ ਹੀ ਬਿਹਤਰ ਹੋ ਸਕਦੀ ਹੈ ਜੇ ਉਹ ਇਸ ਪਾਸੇ ਧਿਆਨ ਦੇਣ। ਤਿੰਨ ਮੰਤਰੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਚਰਚਾ ਕੀਤੀ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਸੱਤਾ ਤੋਂ ਬਾਹਰ ਹੋ ਗਏ ਹਨ ਪਰ ਬਾਦਲ ਪਰਿਵਾਰ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਅਜੇ ਵੀ ਸੱਤਾ ਦਾ ਪਹਿਲਾਂ ਵਾਂਗ ਆਨੰਦ ਮਾਣ ਰਿਹਾ ਹੈ। ਵਾਅਦੇ ਪੂਰੇ ਨਾ ਹੋਣ ਕਰ ਕੇ ਅਤੇ ਵਰਕਰਾਂ ਦੇ ਕੰਮ ਕਾਜ ਨਾ ਹੋਣ ਕਰ ਕੇ ਲੋਕਾਂ ਦਾ ਸਰਕਾਰ ਪ੍ਰਤੀ ਵਤੀਰਾ ਵੱਖਰੀ ਤਰ੍ਹਾਂ ਅਤੇ ਨਿਰਾਸ਼ਾ ਵਾਲਾ ਬਣਦਾ ਜਾ ਰਿਹਾ ਹੈ। ਇਸ ਕਰ ਕੇ ਠੋਸ ਫ਼ੈਸਲੇ ਲੈਣ ਦਾ ਵੇਲਾ ਆ ਗਿਆ ਹੈ।