ਪੰਜਾਬੀਅਤ ਲਈ ਮੋਰਚਾ ਲਾਉਣ ਵਾਲੇ ਕੈਪਟਨ ਨੇ ਹਥਿਆਰ ਕਿਉਂ ਸੁੱਟੇ : ਭਗਵੰਤ ਮਾਨ

Sunday, Dec 08, 2019 - 01:06 AM (IST)

ਪੰਜਾਬੀਅਤ ਲਈ ਮੋਰਚਾ ਲਾਉਣ ਵਾਲੇ ਕੈਪਟਨ ਨੇ ਹਥਿਆਰ ਕਿਉਂ ਸੁੱਟੇ : ਭਗਵੰਤ ਮਾਨ

ਚੰਡੀਗੜ੍ਹ,(ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਨਤਕ ਤੌਰ 'ਤੇ ਰਾਜਧਾਨੀ ਚੰਡੀਗੜ੍ਹ ਤੋਂ ਹੱਕ ਛੱਡੇ ਜਾਣ ਵਾਲੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ, ਜਿਸ ਲਈ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਮੁਆਫ ਨਹੀਂ ਕਰਨਗੇ। ਇਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਐਂਡ ਪਾਰਟੀ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਨਾਂ 'ਤੇ ਦਹਾਕਿਆਂਬੱਧੀ ਸਿਆਸੀ ਰੋਟੀਆਂ ਸੇਕੀਆਂ ਹਨ। ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਵੋਟਾਂ ਲਈ ਹਥਿਆਰ ਵਾਂਗ ਵਰਤਿਆ ਅਤੇ ਲੋਕਾਂ ਦੇ ਜਜ਼ਬਾਤਾਂ ਦਾ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਨ੍ਹਾਂ ਮੁੱਦਿਆਂ 'ਤੇ ਅਜਿਹੀ ਮੌਕਾਪ੍ਰਸਤੀ ਦਿਖਾਏ ਜਾਣ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ।

ਭਗਵੰਤ ਮਾਨ ਨੇ ਕਿਹਾ, ''ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਿਆਲ ਦੀਆਂ ਠੰਡੀਆਂ ਰਾਤਾਂ 'ਚ ਕੰਦੂ ਖੇੜਾ ਵਿਖੇ ਬੰਦੂਕ ਹੱਥ 'ਚ ਫੜ ਕੇ ਪੰਜਾਬ ਅਤੇ ਪੰਜਾਬੀਅਤ ਲਈ ਮੋਰਚਾ ਲਾਉਣ ਵਾਲਾ ਉਹ ਫ਼ੌਜੀ (ਕੈਪਟਨ) ਅੱਜ ਕਿਸ ਲਾਲਚ ਜਾਂ ਬੇਵਸੀ 'ਚ ਹਥਿਆਰ ਸੁੱਟ ਗਿਆ? 'ਕੰਦੂ ਖੇੜਾ ਕਰੂ ਨਿਬੇੜਾ' ਦੇ ਨਾਅਰੇ ਨਾਲ ਲਾਇਆ ਉਹ ਮੋਰਚਾ ਕੀ ਮਹਿਜ਼ ਡਰਾਮਾ ਸੀ? ਕੀ ਕੰਦੂ ਖੇੜਾ ਨੇ ਇਹੋ ਨਿਬੇੜਾ ਕੀਤਾ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਦੀ ਥਾਂ ਮੋਹਾਲੀ ਨੂੰ ਸੂਬੇ ਦੀ ਰਾਜਧਾਨੀ ਬਣਾਉਣ ਦੀ 'ਡੀਲ' ਕਰ ਗਏ ਹਨ? ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਕੋਲ ਜਦ-ਜਦ ਵੀ ਸੱਤਾ ਆਈ ਇਨ੍ਹਾਂ ਨੇ ਪੰਜਾਬ ਦੇ ਹੱਕਾਂ-ਹਕੂਕਾਂ 'ਤੇ ਇਕ-ਦੂਜੇ ਤੋਂ ਵਧ ਕੇ ਡਾਕੇਮਾਰੀ ਕੀਤੀ।

ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕਾਂਗਰਸ ਦਾ ਉਹ ਧੋਖਾ ਕਦੇ ਨਹੀਂ ਭੁੱਲਦਾ, ਜਦੋਂ ਕਾਂਗਰਸ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤੇ ਜਾਣ ਦੇ ਵਾਅਦੇ ਤੋਂ ਐਨ ਮੌਕੇ 'ਤੇ ਮੁੱਕਰ ਗਈ ਸੀ। ਉਸੇ ਤਰ੍ਹਾਂ ਚੰਡੀਗੜ੍ਹ ਤੋਂ ਹੱਕ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।


Related News