ਕੈਪਟਨ ਦਾ ਬਾਦਲਾਂ ਨਾਲ ਯਾਰਾਨਾ ਮੁੜ ਹੋਇਆ ਜਗ ਜ਼ਾਹਰ : ਭਗਵੰਤ ਮਾਨ

Wednesday, Sep 25, 2019 - 12:39 AM (IST)

ਕੈਪਟਨ ਦਾ ਬਾਦਲਾਂ ਨਾਲ ਯਾਰਾਨਾ ਮੁੜ ਹੋਇਆ ਜਗ ਜ਼ਾਹਰ : ਭਗਵੰਤ ਮਾਨ

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲਿਆਂ 'ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪਸ਼ਟ ਸ਼ਬਦਾਂ 'ਚ ਕਲੀਨ ਚਿੱਟ ਦਿੱਤੇ ਜਾਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਬਾਦਲ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਦੋਵੇਂ ਟੱਬਰਾਂ ਦਾ 'ਯਰਾਨਾ' ਇਕ ਵਾਰ ਫੇਰ ਜਗ ਜ਼ਾਹਿਰ ਹੋ ਗਿਆ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਪਸੀ ਸਾਂਝ-ਭਿਆਲੀ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਓਂ ਬਾਹਰ ਆ ਗਈ ਹੈ। ਅਸੀਂ (ਆਪ) ਤਾਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਦੋਵੇਂ (ਬਾਦਲ-ਕੈਪਟਨ) ਆਪਸ 'ਚ ਰਲੇ ਹੋਏ ਹਨ, ਪੂਰੀ ਤਰ੍ਹਾਂ ਇਕੱਮਿਕ ਹਨ। ਜੇਕਰ ਕਿਸੇ ਦੇ ਮਨ 'ਚ ਥੋੜ੍ਹਾ ਬਹੁਤਾ ਸ਼ੱਕ-ਸੰਦੇਹ ਸੀ, ਕੈਪਟਨ ਦੀ ਇਸ ਕਲੀਨ ਚਿੱਟ ਨੇ ਸਾਰੇ ਸ਼ੱਕ-ਸੰਦੇਹ ਦੂਰ ਕਰ ਦਿੱਤੇ। ਸੜਕ ਤੋਂ ਲੈ ਕੇ ਵਿਧਾਨ ਸਭਾ ਤੇ ਸੰਸਦ ਤੱਕ ਆਮ ਆਦਮੀ ਪਾਰਟੀ ਬਾਦਲ-ਕੈਪਟਨ ਦੋਸਤੀ ਬਾਰੇ ਜੋ ਖ਼ੁਲਾਸੇ ਕਰਦੀ ਰਹੀ ਹੈ, ਕੈਪਟਨ ਨੇ ਉਸ 'ਤੇ ਖ਼ੁਦ ਹੀ ਮੋਹਰ ਲਗਾ ਦਿੱਤੀ ਹੈ। ਭਗਵੰਤ ਮਾਨ ਨੇ ਸਵਾਲ ਉਠਾਇਆ ਕਿ ਮੁੱਖ ਮੰਤਰੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨੂੰ ਵੀ ਕਲੀਨ ਚਿੱਟ ਕਿਵੇਂ ਦੇ ਸਕਦੇ ਹਨ? ਮਾਨ ਮੁਤਾਬਕ ਅਸਲ 'ਚ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਟ ਤੋਂ ਜੋ ਨਤੀਜਾ ਲੈਣਾ ਚਾਹੁੰਦੇ ਹਨ, ਉਹ ਪਹਿਲਾਂ ਹੀ ਜ਼ੁਬਾਨ 'ਤੇ ਆ ਗਿਆ ਕਿ ਬਾਦਲਾਂ ਦਾ ਬੇਅਦਬੀ ਮਾਮਲਿਆਂ 'ਚ ਕੋਈ ਹੱਥ ਨਹੀਂ। ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਦਾ ਬਾਦਲ ਨੂੰ ਕਲੀਨ ਚਿੱਟ ਦੇਣ ਵਾਲਾ ਬਿਆਨ ਸਿਟ ਦੀ ਜਾਂਚ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਸਿਟ ਲਈ ਸਾਫ਼-ਸਾਫ਼ ਸੰਦੇਸ਼ ਹੈ ਕਿ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ।
 


Related News