ਕਰਜ਼ਦਾਰ ਪਰਿਵਾਰ ਦੇ 5ਵੇਂ ਮੈਂਬਰ ਦੀ ਖੁਦਕੁਸ਼ੀ ਕੈਪਟਨ ਦੇ ਕਰਜ਼ਾ ਮੁਆਫੀ ਦਾਅਵੇ ''ਤੇ ਕਰਾਰੀ ਚਪੇੜ : ਮਾਨ

Wednesday, Sep 11, 2019 - 08:18 PM (IST)

ਕਰਜ਼ਦਾਰ ਪਰਿਵਾਰ ਦੇ 5ਵੇਂ ਮੈਂਬਰ ਦੀ ਖੁਦਕੁਸ਼ੀ ਕੈਪਟਨ ਦੇ ਕਰਜ਼ਾ ਮੁਆਫੀ ਦਾਅਵੇ ''ਤੇ ਕਰਾਰੀ ਚਪੇੜ : ਮਾਨ

ਚੰਡੀਗੜ੍ਹ,(ਰਮਨਜੀਤ): ਕਰਜ਼ ਕਾਰਨ ਬਰਨਾਲਾ ਜ਼ਿਲ੍ਹੇ ਦੇ ਭੌਤਨਾ ਪਿੰਡ 'ਚ ਇੱਕੋ ਪਰਿਵਾਰ ਦੇ ਪੰਜਵੇਂ ਮੈਂਬਰ ਵਲੋਂ ਖ਼ੁਦਕੁਸ਼ੀ ਕਰਨ 'ਤੇ ਡੂੰਘਾ ਦੁੱਖ ਜਤਾਉਂਦਿਆਂ 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਲਵਪ੍ਰੀਤ ਸਿੰਘ (23) ਦੀ ਬੇਵਕਤੀ ਮੌਤ ਕੈਪਟਨ ਸਰਕਾਰ ਦੇ ਤਥਾ-ਕਥਿਤ ਕਰਜ਼ਾ ਮੁਆਫ਼ੀ ਪ੍ਰੋਗਰਾਮ 'ਤੇ ਕਰਾਰੀ ਚਪੇੜ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਪ੍ਰੋਗਰਾਮ ਤੇ ਐਲਾਨਾਂ ਦੇ ਪਾਜ ਉਧੇੜ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ 'ਚ ਲੋਕਾਂ ਦਾ ਲੱਖਾਂ ਰੁਪਏ ਖ਼ਰਚ ਕੇ ਅਖ਼ਬਾਰਾਂ ਤੇ ਟੈਲੀਵਿਜ਼ਨਾਂ 'ਤੇ ਕਰਜ਼ਾ ਮੁਆਫ਼ੀ ਬਾਰੇ ਝੂਠ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਦੱਸ ਦੇਣ ਕਿ ਕਰਜ਼ਾ ਕਿਸ ਦਾ ਮੁਆਫ਼ ਕੀਤਾ ਹੈ। ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਰਜ਼ਾ ਮੁਆਫ਼ ਕਰਨ ਵਾਲੇ ਕਿਸਾਨਾਂ ਦੀ ਲਿਸਟ ਜਾਰੀ ਕਰਨ। ਮਾਨ ਨੇ ਕਿਹਾ ਕਿ ਜਿਸ ਦਿਨ ਲਵਪ੍ਰੀਤ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਸੀ, ਉਸ ਦਿਨ ਕੈਪਟਨ ਸਰਕਾਰ ਮਾਨਸਾ 'ਚ ਕਰਜ਼ਾ ਮੁਆਫ਼ੀ ਪ੍ਰੋਗਰਾਮ ਦਾ ਜਸ਼ਨ ਮਨਾ ਰਹੀ ਸੀ।

ਮਾਨ ਨੇ ਕਿਹਾ ਕਿ ਲਵਪ੍ਰੀਤ ਦੇ ਪਰਿਵਾਰ ਕੋਲ 13 ਏਕੜ ਜ਼ਮੀਨ ਸੀ, ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਇਹ ਪਰਿਵਾਰ ਹੋਰਨਾਂ ਕਿਸਾਨਾਂ ਵਾਂਗ ਕਰਜ਼ 'ਚ ਹੀ ਡੁੱਬਦਾ ਰਿਹਾ, ਜਿਸ ਕਾਰਨ ਇਸ ਪਰਿਵਾਰ ਕੋਲ ਅੱਜ 13 ਕਨਾਲ ਜ਼ਮੀਨ ਵੀ ਨਹੀਂ ਬਚੀ। ਕਰਜ਼ ਦੇ ਅਸਹਿ ਭਾਰ ਕਾਰਨ ਇਸ ਪਰਿਵਾਰ ਦੀ ਅਗਲੀ ਪੀੜੀ ਦੇ ਨੌਜਵਾਨ ਤੇ ਪੰਜਵੇਂ ਮੈਂਬਰ ਨੇ ਖ਼ੁਦਕੁਸ਼ੀ ਕਰ ਲਈ। ਲਵਪ੍ਰੀਤ ਦੀ ਖ਼ੁਦਕੁਸ਼ੀ ਨੇ ਕੈਪਟਨ ਸਰਕਾਰ ਦੇ ਸਿਰਫ਼ ਕਰਜ਼ਾ ਮੁਆਫ਼ੀ ਪ੍ਰੋਗਰਾਮ ਦੇ ਹੀ ਨਹੀਂ ਘਰ-ਘਰ ਨੌਕਰੀ ਦੇ ਐਲਾਨਾਂ ਦੀ ਵੀ ਫ਼ੂਕ ਕੱਢੀ ਹੈ। ਮਾਨ ਨੇ ਖੇਤੀ ਸੰਕਟ, ਕਿਸਾਨ ਤੇ ਖੇਤ ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਇਸ ਮਸਲੇ 'ਤੇ ਗੰਭੀਰਤਾ ਦਿਖਾਉਣ ਦੀ ਜ਼ਰੂਰਤ ਹੈ। ਵਿਧਾਨ ਸਭਾ ਸਦਨ 'ਚ ਕੇਂਦਰ ਦੀ ਮੋਦੀ ਸਰਕਾਰ ਦੇ ਅਕਾਲੀ ਦਲ-ਭਾਜਪਾ ਵਿਧਾਇਕਾਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜ੍ਹਨ ਤੋਂ ਕਿਉਂ ਭੱਜ ਰਹੀ ਹੈ? ਵਿਸ਼ੇਸ਼ ਇਜਲਾਸ ਦੌਰਾਨ ਕਿਸਾਨਾਂ ਦੇ ਮਸੀਹਾ ਕਹਾਉਣ ਵਾਲੇ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਕੇਂਦਰ ਤੇ ਪੰਜਾਬ ਦੀ ਸੱਤਾ 'ਚ ਹੁੰਦਿਆਂ ਪੰਜਾਬ ਦੇ ਕਿਸਾਨਾਂ ਨਾਲ ਐਨਾ ਵੱਡਾ ਧ੍ਰੋਹ ਕਿਉਂ ਕਮਾਇਆ? ਭਗਵੰਤ ਮਾਨ ਨੇ ਕਿਹਾ ਕਿ ਵਿਸ਼ੇਸ਼ ਇਜਲਾਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਵੀਡੀਓ ਤੇ ਐਲਾਨ ਵੀ ਯਾਦ ਕਰਵਾਏ ਜਾਣਗੇ ਜਿਨ੍ਹਾਂ 'ਚ ਉਹ ਵੋਟਾਂ ਲੈਣ ਲਈ ਆੜ੍ਹਤੀਆਂ ਸਮੇਤ ਸਾਰੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਕਰ ਰਹੇ ਹਨ।


Related News