ਕੈਪਟਨ ਸਰਕਾਰ ਦੇ 3 ਸਾਲ, ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਸ ਦੀਆਂ ਵੱਡੀਆਂ ਕਾਰਵਾਈਆਂ
Friday, Mar 13, 2020 - 07:03 PM (IST)
ਜਲੰਧਰ, ਬਰਨਾਲਾ (ਸੁਨੀਲ ਧਵਨ, ਵਿਵੇਕ ਸਿੰਧਵਾਨੀ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੇ ਟੀਚੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਕਾਰਜਕਾਲ ਸੰਭਾਲੇ ਜਾਣ ਤੋਂ ਬਾਅਦ ਸਿਰਫ ਤਿੰਨ ਸਾਲਾਂ ਦੇ ਵਕਫੇ ਦੌਰਾਨ ਪੰਜਾਬ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਤਹਿਤ 34,372 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 42,571 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੁਣ ਤੱਕ ਕੁੱਲ 974.15 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ ਸੂਬਾ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਪੁਲਸ ਵਿਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਦਾ ਵੀ ਗਠਨ ਕੀਤਾ ਗਿਆ। ਇਸੇ ਐੱਸ. ਟੀ .ਐੱਫ. ਵੱਲੋਂ ਕੀਤੀਆਂ ਕਾਰਵਾਈਆਂ ਵਿਚੋਂ ਸਭ ਤੋਂ ਵੱਡੀ ਕਾਰਵਾਈ ਅੰਮ੍ਰਿਤਸਰ ਵਿਚ ਇਸੇ ਸਾਲ ਜਨਵਰੀ ਮਹੀਨੇ ਕੀਤੀ ਗਈ। ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਵੱਡੀਆਂ ਮੱਛੀਆਂ ਤੇ ਹੋਰ ਸ਼ਿਕੰਜਾ ਕੱਸਦਿਆਂ ਐੱਸ. ਟੀ. ਐੱਫ. ਨੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਦੇ ਸੁਲਤਾਨਵਿੰਡ ਪਿੰਡ ਵਿਚਲੇ ਘਰ ਤੋਂ 197 ਕਿਲੋਗ੍ਰਾਮ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥ ਤੇ ਰਸਾਇਣਾਂ ਦੀ ਬਰਾਮਦਗੀ ਕੀਤੀ। ਇਸ ਤੋਂ ਬਾਅਦ ਅਨਵਰ ਮਸੀਹ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਐੱਸ. ਟੀ. ਐੱਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਮਸੀਹ ਖ਼ਿਲਾਫ਼ ਧਾਰਾ 25 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਸਦੀ ਮਾਲਕੀ ਵਾਲੇ ਮਕਾਨ ਵਿਚ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਸੀ।
ਸੁਲਤਾਨਵਿੰਡ ਦੇ ਅਕਾਸ਼ ਵਿਹਾਰ ਦੇ ਇਕ ਘਰ ਵਿਚ ਨਾਜਾਇਜ਼ ਡਰੱਗ ਫੈਕਟਰੀ ਚਲਦੀ ਸੀ, ਜਿੱਥੋਂ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਸੀ। ਇਹ ਘਰ ਅਨਵਰ ਮਸੀਹ ਦੇ ਨਾਂ ਤੇ ਰਜਿਸਟਰ ਹੈ। ਹਾਲਾਂਕਿ ਮਸੀਹ ਨੇ ਦਾਅਵਾ ਕੀਤਾ ਸੀ ਕਿ ਉਸ ਨੇ 6 ਮੁਲਜ਼ਮਾਂ ਨੂੰ ਇਹ ਮਕਾਨ ਕਿਰਾਏ 'ਤੇ ਦਿੱਤਾ ਸੀ, ਜਿਨ੍ਹਾਂ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਮਕਾਨ ਨੂੰ ਕਿਰਾਏ 'ਤੇ ਦੇਣ ਸੰਬੰਧੀ ਕੋਈ ਵੀ ਲਿਖਤੀ ਦਸਤਾਵੇਜ਼ ਜਾਂ ਕਿਰਾਇਆਨਾਮਾ ਪੇਸ਼ ਕਰਨ ਵਿਚ ਅਸਫਲ ਰਿਹਾ ਅਤੇ ਆਲੇ ਦੁਆਲੇ ਦੇ ਲੋਕ ਵੀ ਇਥੇ ਰਹਿੰਦੇ ਕਿਸੇ ਵੀ ਕਿਰਾਏਦਾਰ ਤੋਂ ਅਣਜਾਣ ਸਨ। ਇਸੇ ਤਰ੍ਹਾਂ ਬਰਨਾਲਾ ਪੁਲਸ ਨੇ ਇਸੇ ਸਾਲ ਮਾਰਚ ਮਹੀਨੇ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ ਨਾਲ ਸਾਈਕੋਟਰੋਪਿਕ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 40,01,040 ਨਸ਼ੀਲੀਆਂ ਗੋਲੀਆਂ/ ਕੈਪਸੂਲ, ਟੀਕੇ ਜ਼ਬਤ ਕੀਤੇ ਗਏ, ਜਿਸ ਦੀ ਕੀਮਤ ਲਗਭਗ 4-5 ਕਰੋੜ ਰੁਪਏ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਮਸਾਣੀ ਬਾਈਪਾਸ ਲਿੰਕ ਰੋਡ, ਸਰਸਵਤੀ ਕੁੰਡ, ਮਥੁਰਾ (ਯੂ.ਪੀ.) ਵਿਖੇ ਸਥਿਤ ਇਕ ਗੋਦਾਮ 'ਤੇ ਬਰਨਾਲਾ ਪੁਲਸ ਦੀ ਟੀਮ ਨੇ ਛਾਪਾ ਮਾਰਿਆ, ਜਿਸ ਦੀ ਵਰਤੋਂ ਨਸ਼ੀਲੇ ਪਦਾਰਥ ਸਟੋਰ ਕਰਨ ਲਈ ਕੀਤੀ ਜਾਂਦੀ ਸੀ। ਤਿੰਨ ਮੁਲਜ਼ਮਾਂ ਨੂੰ ਬਰਨਾਲਾ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਚੌਥੇ ਨੂੰ ਮਥੁਰਾ ਵਿਚੋਂ ਫੜਿਆ ਗਿਆ ਸੀ।
ਇਹ ਵੀ ਪੜ੍ਹੋ : ਇੰਝ ਸਿਆਸਤ 'ਚ ਆਏ ਸੀ ਕੈਪਟਨ ਅਮਰਿੰਦਰ ਸਿੰਘ, ਛੱਡੀ ਸੀ ਫੌਜ ਦੀ ਨੌਕਰੀ
ਨਸ਼ਿਆਂ ਦੀ ਇਸ ਬਰਾਮਦਗੀ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਗਿਆ ਕਿਉਂਕਿ ਔਸਤਨ ਇਕ ਨੌਜਵਾਨ ਦਿਨ ਵਿਚ 10 ਗੋਲੀਆਂ ਕੈਪਸੂਲ ਦਾ ਸੇਵਨ ਕਰਦਾ ਹੈ। ਇਹ ਕਾਰਵਾਈ ਇਕ ਸੂਚਨਾ ਦੇ ਅਧਾਰ 'ਤੇ ਬਰਨਾਲਾ ਦੇ ਐੱਸ ਐੱਸ.ਪੀ. ਸੰਦੀਪ ਗੋਇਲ ਦੀ ਅਗਵਾਈ ਹੇਠ ਸੀ.ਆਈ.ਏ. ਬਰਨਾਲਾ ਦੀ ਇਕ ਪੁਲਸ ਪਾਰਟੀ ਵੱਲੋਂ ਜਾਲ ਵਿਛਾ ਕੇ ਕੀਤੀ ਗਈ । ਮੋਹਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਉੱਪਲੀ ਨੂੰ ਪਹਿਲਾਂ 800 ਨਸ਼ੀਲੀਆਂ ਗੋਲੀਆਂ(ਅਲਪਸੇਫ 0.5 ਮਿਲੀਗ੍ਰਾਮ) ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਪੁੱਛ-ਪੜਤਾਲ ਨਾਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਕਿਲਾ ਮੁਹੱਲਾ, ਬਰਨਾਲਾ (ਓਮ ਸਿਵਾ ਮੈਡੀਕਲ ਹਾਲ, ਬਰਨਾਲਾ) ਅਤੇ ਨਰੇਸ਼ ਮਿੱਤਲ ਉਰਫ ਰਿੰਕੂ ਪੁੱਤਰ ਪ੍ਰੇਮ ਚੰਦ (ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ , ਸਦਰ ਬਾਜ਼ਾਰ, ਬਰਨਾਲਾ ਵਜੋਂ ਹੋਈ, ਜਿਨ੍ਹਾਂ ਕੋਲੋਂ 1700 ਨਸ਼ੀਲੀਆਂ ਗੋਲੀਆਂ (ਕਲੋਡੋਲ 100 ਐੱਸ. ਆਰ.) ਫੜੀਆਂ ਗਈਆਂ।
ਇਸ ਤੋਂ ਇਲਾਵਾ ਐਵੀਡੈਂਸ ਐਕਟ ਦੀ ਧਾਰਾ 27 ਅਧੀਨ ਦੋਸ਼ੀ ਕੋਲੋਂ 1800 ਨਸ਼ੀਲੀਆਂ ਗੋਲੀਆਂ (ਕਲੋਵਿਡੋਲ 100 ਐੱਸ ਆਰ), ਇਕ ਇਨੋਵਾ ਕਾਰ ਅਤੇ 5 ਲੱਖ ਰੁਪਏ (ਡਰੱਗ ਮਨੀ) ਵੀ ਬਰਾਮਦ ਕੀਤੇ ਗਏ। ਮੁੱਖ ਮੁਲਜ਼ਮ ਨਰੇਸ਼ ਮਿੱਤਲ, ਜੋ ਆਪਣੇ ਮੈਡੀਕਲ ਸਟੋਰ 'ਚੋਂ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਿਹਾ ਸੀ, ਤੋਂ ਹੋਰ ਪੁੱਛਗਿੱਛ ਦੌਰਾਨ ਭਾਰਤ ਵਿਚ ਦੂਜੇ ਸੂਬਿਆਂ ਤੋਂ ਸਾਈਕੋਪਿਕ ਡਰੱਗਜ਼ ਦੀ ਸਪਲਾਈ ਦੀ ਇਕ ਲੜੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਨਰੇਸ਼ ਮਿੱਤਲ ਵੱਲੋਂ ਕੀਤੇ ਖੁਲਾਸਿਆਂ 'ਤੇ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਇਸ ਰੈਕੇਟ ਨਾਲ ਸਬੰਧਤ ਡਾਇਬ ਕੁਰੈਸ਼ੀ ਪੁੱਤਰ ਬਾਬੂ ਕੁਰੈਸ਼ੀ ਵਾਸੀ ਚੱਕਲਾ ਸਟ੍ਰੇਟ, ਸਦਰ ਬਾਜ਼ਾਰ, ਮਥੁਰਾ ਦਾ ਪਤਾ ਲਾਇਆ। ਡਾਇਬ ਨੂੰ ਮਥੁਰਾ ਵਿਖੇ 80,000 ਨਸ਼ੀਲੀਆਂ ਗੋਲੀਆਂ (ਕਲੋਡੋਲ 100 ਐੱਸ.ਆਰ.) ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ 39,21,040 ਨਸ਼ੀਲੀਆਂ ਗੋਲੀਆਂ (ਕਲੋਵਿਡੋਲ 100 ਐੱਸ ਆਰ.), ਕੈਪਸੂਲ ਅਤੇ ਇੰਜੈਕਸ਼ਨ ਮਥੁਰਾ ਦੇ ਗੋਦਾਮ ਵਿਚੋਂ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : 16 ਮਾਰਚ ਨੂੰ ਪੰਜਾਬ ਸਰਕਾਰ ਬੇਰੋਜ਼ਗਾਰ ਅਧਿਆਪਕਾਂ ਬਾਰੇ ਕਰ ਸਕਦੀ ਹੈ ਵੱਡਾ ਐਲਾਨ