ਕੈਪਟਨ ਨੇ ਰਿਲੀਜ਼ ਕੀਤਾ 'ਗੁਰੂ ਦਾ ਲਾਂਘਾ' ਅਤੇ 'ਸਤਿਗੁਰੂ ਨਾਨਕ ਆਏ ਨੇ'

Monday, Nov 04, 2019 - 08:15 PM (IST)

ਚੰਡੀਗਡ਼੍ਹ (ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਦੇਸ਼ ਦੇ ਨਾਮੀ ਫਨਕਾਰਾਂ ਵਲੋਂ ਗਾਏ ‘ਸ਼ਬਦ’ ਅਤੇ ਪ੍ਰਸਿੱਧ ਸੂਫੀ ਗਾਇਕ ਪੂਰਨ ਚੰਦ ਵਡਾਲੀ ਵਲੋਂ ਗਾਏ ‘ਗੀਤ’ ਨੂੰ ਅਧਿਕਾਰਤ ਤੌਰ ’ਤੇ ਜਾਰੀ ਕੀਤਾ। ਸ਼ਬਦ ‘ਸਤਿਗੁਰੂ ਨਾਨਕ ਆਏ ਨੇ’ ਅਤੇ ਗੀਤ ‘ਗੁਰੂ ਦਾ ਲਾਂਘਾ’ ਜੋ ਅੱਜ ਰਿਲੀਜ਼ ਕੀਤਾ ਗਿਆ, 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਹ ਗੀਤ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਲਿਖਿਆ ਗਿਆ ਹੈ। ਸ਼ਬਦ ‘ਸਤਿਗੁਰੂ ਨਾਨਕ ਆਏ ਨੇ’ ਹਰਸ਼ਦੀਪ ਕੌਰ ਨੇ ਕੰਪੋਜ਼ ਕੀਤਾ ਹੈ ਜਿਨ੍ਹਾਂ ਦਾ ਦੇਸ਼ ਦੀਆਂ ਨਾਮੀ ਫਿਲਮੀ ਹਸਤੀਆਂ ਤੇ ਫਨਕਾਰਾਂ ਸ਼ੰਕਰ ਮਹਾਂਦੇਵਨ, ਕਪਿਲ ਸ਼ਰਮਾ, ਜਸਪਿੰਦਰ ਨਰੂਲਾ, ਸ਼ਾਨ, ਸਾਲੀਮ ਮਰਚੈਂਟ, ਸੁਖਸ਼ਿੰਦਰ ਸ਼ਿੰਦਾ, ਰਿਚਾ ਸ਼ਰਮਾ, ਸ਼ੇਖਰ ਰਵਜਿਆਨੀ ਤੇ ਨੀਤੀ ਮੋਹਨ ਨੇ ਗਾਇਨ ਕੀਤਾ ਹੈ।

ਅੱਜ ਬਾਅਦ ਦੁਪਹਿਰ ਸੰਗੀਤਕਾਰ ਹਰਸ਼ਦੀਪ ਕੌਰ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸਿਰਜੇ ਗਏ ਦ੍ਰਿਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ, ਵਿਚਾਰਧਾਰਾ ਤੇ ਸਿੱਖਿਆਵਾਂ ਦਾ ਹੋਰ ਪ੍ਰਸਾਰ ਕਰਨਗੇ। ਮੁੱਖ ਮੰਤਰੀ ਨੇ ਟੀਮ ਨੂੰ ਭਵਿੱਖ ਦੇ ਕਦਮਾਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਇਹ ਅਪੀਲ ਵੀ ਕੀਤੀ ਕਿ ਉਹ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖਣਗੇ। ‘ਸ਼ਬਦ’ ਤੇ ‘ਗੀਤ’ ਜਾਰੀ ਕਰਨ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਪ੍ਰਮੁੱਖ ਸਕੱਤਰ ਸੱਭਿਆਚਾਰ ਤੇ ਸੈਰ ਸਪਾਟਾ ਵਿਕਾਸ ਪ੍ਰਤਾਪ ਵੀ ਹਾਜ਼ਰ ਸਨ।
 


Sunny Mehra

Content Editor

Related News