ਵਾਅਦੇ ਪੂਰੇ ਨਾ ਕਰਨ ''ਤੇ ਪਿੱਛੇ ਪਏ ਲੋਕ ਤਾਂ ਭੱਜੇ ''ਕੈਪਟਨ''

Monday, Feb 24, 2020 - 02:14 PM (IST)

ਵਾਅਦੇ ਪੂਰੇ ਨਾ ਕਰਨ ''ਤੇ ਪਿੱਛੇ ਪਏ ਲੋਕ ਤਾਂ ਭੱਜੇ ''ਕੈਪਟਨ''

ਬਠਿੰਡਾ (ਸੁਖਵਿੰਦਰ) : ਲਾਈਨੋਂ ਪਾਰ ਇਲਾਕੇ ਦੀ ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਜਾ ਰਹੇ ਵਾਅਦਿਆਂ ਨੂੰ ਕਥਿਤ ਤੌਰ 'ਤੇ ਪੂਰਾ ਨਾ ਕਰਨ ਦਾ ਦੋਸ਼ ਲਗਾਉਂਦਿਆਂ ਇਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਲੋਕ 'ਕੈਪਟਨ' ਅਮਰਿੰਦਰ ਸਿੰਘ ਦੇ ਪਿੱਛੇ ਦੌੜਦੇ ਨਜ਼ਰ ਆਏ। ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਦਾ ਵੇਸ ਧਾਰਨ ਕੀਤਾ, ਜਿਨ੍ਹਾਂ ਨੂੰ ਇਕ ਹੱਥ ਵਿਚ ਸਰਿੰਜ ਲੈ ਕਿ ਲੋਕਾਂ ਦਾ ਖੂਨ ਕੱਢਦੇ ਦਿਖਾਇਆ ਗਿਆ। ਇਹ ਹੀ ਨਹੀ, ਜਦੋਂ 'ਕੈਪਟਨ' ਲੋਕਾਂ ਦੇ ਦਰਮਿਆਨ ਭਾਸ਼ਣ ਦੇਣ ਲਈ ਪਹੁੰਚੇ ਤਾਂ ਲੋਕ ਉਨ੍ਹਾਂ ਦੇ ਪਿੱਛੇ ਪੈ ਗਏ ਜਿਸ ਕਾਰਣ ਉਨ੍ਹਾਂ ਨੂੰ ਉਥੋਂ ਭੱਜਣਾ ਪਿਆ। ਉਕਤ ਹਮਲੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੀਤੇ ਗਏ।

ਵਿਜੇ ਕੁਮਾਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਨੌਕਰੀਆਂ ਦੇਣ, ਮੋਬਾਇਲ ਫੋਨ ਦੇਣ, ਕਣਕ ਦੇ ਨਾਲ-ਨਾਲ ਚਾਹ ਦੇਣ, ਸਸਤੀ ਬਿਜਲੀ ਦੇਣ, ਨਸ਼ਾ ਸਮਾਪਤ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਦਰਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਦਾ ਇਕ ਤਰ੍ਹਾਂ ਨਾਲ ਖੂਨ ਚੂਸਿਆ ਜਾ ਰਿਹਾ ਹੈ। ਆਟਾ-ਦਾਲ ਯੋਜਨਾ ਦੇ ਕਾਰਡ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਜਿਸ ਕਾਰਣ ਸਰਕਾਰ ਦੇ ਖਿਲਾਫ਼ ਲੋਕਾਂ 'ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਲੋਕਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇ। ਨਾਲ ਹੀ ਉਨ੍ਹਾਂ ਮਹਾਨਗਰ 'ਚ ਲੋਕਾਂ ਨੂੰ ਮੁਫ਼ਤ ਪਾਣੀ ਅਤੇ ਸੀਵਰੇਜ ਦੀ ਸੁਵਿਧਾ ਦੇਣ, ਬਕਾਇਆ ਪਾਣੀ ਅਤੇ ਸੀਵਰੇਜ ਦੇ ਬਿੱਲ ਮੁਆਫ਼ ਕਰਨ ਦੀ ਵੀ ਮੰਗ ਕੀਤੀ।
 


author

Anuradha

Content Editor

Related News