ਹੁਣ ਕੈਪਟਨ ਦੀ ਫੋਟੋ ਵਾਲੇ ਸਮਾਰਟ ਕਾਰਡ ''ਤੇ ਮਿਲੇਗਾ ਰਾਸ਼ਨ
Friday, Sep 11, 2020 - 11:39 PM (IST)
ਲੁਧਿਆਣਾ,(ਹਿਤੇਸ਼/ਖੁਰਾਣਾ)- ਪੰਜਾਬ 'ਚ ਕਾਂਗਰਸ ਸਰਕਾਰ ਬਣਨ ਤੋਂ ਸਾਢੇ 3 ਸਾਲ ਬਾਅਦ ਅਕਾਲੀਆਂ ਦੇ ਸਮੇਂ ਜਾਰੀ ਨੀਲੇ ਕਾਰਡ ਦਾ ਵਜੂਦ ਖਤਮ ਹੋਣ ਜਾ ਰਿਹਾ ਹੈ। ਇਸ ਦੇ ਤਹਿਤ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਸਮਾਰਟ ਕਾਰਡ 'ਤੇ ਰਾਸ਼ਨ ਮਿਲੇਗਾ। ਦੱਸਣਯੋਗ ਹੈ ਕਿ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਦੇ ਸੱਤਾ ਵਿਚ ਆਉਣ ਦਾ ਮੁੱਖ ਕਾਰਨ ਵੀ ਮੰਨਿਆ ਗਿਆ। ਇਸ ਯੋਜਨਾ ਨੂੰ ਲਾਗੂ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਦੀ ਫੋਟੋ ਵਾਲੇ ਨੀਲੇ ਕਾਰਡ ਜਾਰੀ ਕੀਤੇ ਗਏ ਸਨ ਪਰ ਕਾਂਗਰਸ ਸਰਕਾਰ ਬਣਨ ਤੋਂ ਸਾਢੇ ਤਿੰਨ ਸਾਲ ਬਾਅਦ ਤੱਕ ਵੀ ਅਕਾਲੀਆਂ ਦੀ ਫੋਟੋ ਵਾਲੇ ਨੀਲੇ ਕਾਰਡ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਹਾਲਾਂਕਿ ਕਾਂਗਰਸ ਸਰਕਾਰ ਵੱਲੋਂ ਨੀਲੇ ਕਾਰਡ ਬਣਾਉਣ ਵਿਚ ਫਰਜ਼ੀਵਾੜਾ ਹੋਣ ਦੇ ਦੋਸ਼ ਵਿਚ ਗਰੀਬਾਂ ਨੂੰ ਰਾਸ਼ਨ ਵੰਡਣ ਲਈ ਬਾਇਓਮੈਟ੍ਰਿਕ ਸਿਸਟਮ ਲਾਗੂ ਕੀਤਾ ਗਿਆ ਹੈ ਪਰ ਨੀਲੇ ਕਾਰਡ ਦੇ ਬਦਲ ਵਜੋਂ ਸਮਾਰਟ ਕਾਰਡ ਬਣਾਉਣ ਦੇ ਐਲਾਨ 'ਤੇ ਹੁਣ ਜਾ ਕੇ ਅਮਲ ਹੋਇਆ ਹੈ, ਜਿਸ ਨੂੰ ਸ਼ਨੀਵਾਰ ਨੂੰ ਸੀ. ਐੱਮ., ਮੰਤਰੀ, ਵਿਧਾਇਕ ਆਨਲਾਈਨ ਸਿਸਟਮ ਜ਼ਰੀਏ ਇਕੱਠੇ 90 ਥਾਵਾਂ 'ਤੇ ਲਾਂਚ ਕਰਨਗੇ।
ਬਾਕੀ ਸਰਕਾਰੀ ਸਕੀਮਾਂ ਨਾਲ ਵੀ ਹੋਵੇਗਾ ਲਿੰਕ
ਇਸ ਕਾਰਡ ਵਿਚ ਸਵੈਪ ਕਰਨ ਲਈ ਚਿਪ ਲਾਈ ਗਈ ਹੈ ਅਤੇ ਇਕ ਯੂ. ਆਈ. ਡੀ. ਨੰਬਰ ਲਾਇਆ ਜਾ ਰਿਹਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਪੈਨਸ਼ਨ ਅਤੇ ਸਰਬੱਤ ਸਿਹਤ ਯੋਜਨਾ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇਸੇ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਵਿਚ ਲੋਕ ਭਲਾਈ ਦੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ।
ਕਿਸੇ ਵੀ ਡਿਪੂ ਤੋਂ ਮਿਲ ਸਕਦਾ ਹੈ ਰਾਸ਼ਨ
ਲਾਗੂ ਹੋਣ ਤੋਂ ਬਾਅਦ ਲੋਕ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕਦੇ ਹਨ ਜਿਸ ਨਾਲ ਪੂਰਾ ਰਾਸ਼ਨ ਨਾ ਮਿਲਣ ਜਾਂ ਡਿਪੂ ਬੰਦ ਰਹਿਣ ਦੀ ਸ਼ਿਕਾਇਤ ਦ ਹੱਲ ਹੋ ਜਾਵੇਗਾ। ਸਮਾਰਟ ਕਾਰਡ ਬਣਾਉਣ ਲਈ ਆਧਾਰ ਕਾਰਡ ਦੇ ਡਾਟਾ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਗਰੀਬਾਂ ਨੂੰ ਰਾਸ਼ਨ ਵੰਡਣ ਦੇ ਸਿਸਟਮ ਵਿਚ ਕਿਸੇ ਤਰ੍ਹਾਂ ਦੀ ਧਾਂਦਲੀ ਹੋਣ ਦੀ ਸੰਭਾਵਨਾਂ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।