ਬਦਲਦੇ ਸੁਰਾਂ ਕਾਰਨ ਡਿੱਗਣ ਲੱਗੀ ਕੈਪਟਨ ਦੀ ਸਾਖ

04/23/2018 6:42:58 AM

ਜਲੰਧਰ, (ਰਵਿੰਦਰ)- ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਆਪਣੀ ਦੂਸਰੀ ਪਾਰੀ ਦੌਰਾਨ ਨਾ ਸਿਰਫ ਸੂਬੇ ਦੀ ਜਨਤਾ ਨੂੰ ਨਿਰਾਸ਼ ਕਰ ਰਹੇ ਹਨ, ਬਲਕਿ ਆਪਣੇ ਲਗਾਤਾਰ ਬਦਲਦੇ ਹੋਏ ਸੁਰਾਂ ਅਤੇ ਪਲਟਦੇ ਬੋਲਾਂ ਨਾਲ ਪਾਰਟੀ ਵਰਕਰਾਂ ਅਤੇ ਨੇਤਾਵਾਂ 'ਚ ਵੀ ਨਿਰਾਸ਼ਾ ਪੈਦਾ ਕਰ ਰਹੇ ਹਨ। ਸਭ ਤੋਂ ਪਹਿਲਾਂ ਕੈਪਟਨ ਨੇ ਆਪਣੇ ਵਾਅਦੇ ਤੋਂ ਮੁਕਰਦੇ ਹੋਏ ਕਿਹਾ ਸੀ ਕਿ ਉਹ ਫਿਰ ਚੋਣਾਂ ਲੜ ਸਕਦੇ ਹਨ, ਜਦਕਿ 2017 'ਚ ਚੋਣਾਂ ਦੌਰਾਨ ਕੈਪਟਨ ਨੇ ਸਾਫ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਪਾਰੀ ਹੈ। 
ਇਥੇ ਹੀ ਬਸ ਨਹੀਂ, ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਤੋਂ ਪਲਟਦੇ ਹੋਏ ਹੁਣ ਕੈਪਟਨ ਪਾਰਟੀ ਨੇਤਾਵਾਂ ਨੂੰ ਇਹ ਕਹਿਣ ਲੱਗੇ ਕਿ ਬਚੇ ਹੋਏ ਵਿਧਾਇਕਾਂ ਨੂੰ ਚੇਅਰਮੈਨੀਆਂ 'ਚ ਐਡਜਸਟ ਕੀਤਾ ਜਾਵੇਗਾ, ਜਦਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਸਾਫ ਕਿਹਾ ਸੀ ਕਿ ਜਿਨ੍ਹਾਂ ਨੇਤਾਵਾਂ ਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਬਾਅਦ 'ਚ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ ਅਤੇ ਟਿਕਟ ਹਾਸਲ ਕਰਨ ਵਾਲੇ ਕਿਸੇ ਵੀ ਨੇਤਾ ਅਤੇ ਉਸ ਦੇ ਪਰਿਵਾਰ ਨੂੰ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ। ਜਿਨ੍ਹਾਂ-ਜਿਨ੍ਹਾਂ ਦਾਅਵੇਦਾਰਾਂ ਨੂੰ ਟਿਕਟ ਨਹੀਂ ਮਿਲੇਗੀ, ਉਨ੍ਹਾਂ ਨੂੰ ਹੀ ਬਾਅਦ 'ਚ ਚੇਅਰਮੈਨੀ ਦੇਣ ਦਾ ਵਾਅਦਾ ਅਤੇ ਐਲਾਨ ਕੀਤਾ ਗਿਆ ਸੀ। 
ਪਿਛਲੇ 13 ਮਹੀਨਿਆਂ ਤੋਂ ਪਾਰਟੀ ਪ੍ਰਤੀ ਵਫਾਦਾਰੀ ਦਿਖਾਉਣ ਵਾਲੇ ਉਹ ਨੇਤਾ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਸਕੀ ਸੀ, ਉਹ ਚੇਅਰਮੈਨੀ ਦਾ ਰਾਹ ਦੇਖ ਰਹੇ ਹਨ ਪਰ ਹੁਣ ਕੈਬਨਿਟ ਵਿਸਤਾਰ ਨਾਲ ਜਿਵੇਂ ਹੀ ਪਾਰਟੀ 'ਚ ਬਗਾਵਤੀ ਸੁਰ ਉਠਣ ਲੱਗੇ ਤਾਂ ਕੈਪਟਨ ਇਕ ਵਾਰ ਫਿਰ ਵਾਅਦੇ ਤੋਂ ਪਲਟ ਗਏ। ਹੁਣ ਕੈਪਟਨ ਨੇ ਐਲਾਨ ਕਰ ਦਿੱਤਾ ਹੈ ਕਿ ਬਾਕੀ ਵਿਧਾਇਕਾਂ ਨੂੰ ਚੇਅਰਮੈਨੀਆਂ 'ਚ ਐਡਜਸਟ ਕੀਤਾ ਜਾਵੇਗਾ। ਅਜਿਹੇ 'ਚ ਜਿਨ੍ਹਾਂ ਦਾਅਵੇਦਾਰਾਂ ਨੂੰ ਟਿਕਟ ਨਹੀਂ ਮਿਲੀ ਸੀ, ਦੇ ਅਰਮਾਨਾਂ 'ਤੇ ਸਿੱਧੇ ਤੌਰ 'ਤੇ ਕੈਪਟਨ ਨੇ ਪਾਣੀ ਫੇਰ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਇਸਦੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਅਤੇ ਚੇਅਰਮੈਨੀ ਨਾ ਮਿਲਣ 'ਤੇ ਕਈ ਨੇਤਾ ਪਾਰਟੀ ਨੂੰ ਛੱਡ ਵੀ ਸਕਦੇ ਹਨ, ਜਿਸਦਾ ਸਿੱਧਾ ਅਸਰ 2019 ਦੀਆਂ ਲੋਕ ਸਭਾ ਚੋਣਾਂ 'ਤੇ ਪੈ ਸਕਦਾ ਹੈ।
ਵੱਡੇ ਨੇਤਾ ਠੁਕਰਾ ਸਕਦੇ ਹਨ ਚੇਅਰਮੈਨੀਆਂ, ਕਰਨਗੇ ਕੈਪਟਨ ਦਾ ਵਿਰੋਧ
ਕਈ ਵੱਡੇ ਨੇਤਾ, ਜਿਨ੍ਹਾਂ ਨੂੰ ਸੀਨੀਅਰ ਹੋਣ ਦੇ ਬਾਵਜੂਦ ਵੀ ਕੈਬਨਿਟ ਤੋਂ ਦਰਕਿਨਾਰ ਕਰ ਦਿੱਤਾ ਗਿਆ, ਉਹ ਚੇਅਰਮੈਨੀ ਵੀ ਠੁਕਰਾ ਸਕਦੇ ਹਨ। ਜੇਕਰ ਗੱਲ ਲੁਧਿਆਣਾ ਦੀ ਹੀ ਕਰੀਏ ਤਾਂ ਇਥੋਂ ਦੇ ਦਿੱਗਜ ਨੇਤਾ ਰਾਕੇਸ਼ ਪਾਂਡੇ ਅਤੇ ਸੁਨੀਲ ਡਾਬਰ ਨੂੰ ਕੈਪਟਨ ਨੇ ਦਰਕਿਨਾਰ ਕਰ ਕੇ ਸੈਕਿੰਡ ਟਾਈਮਰ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਬਣਾ ਦਿੱਤਾ। ਅਜਿਹੇ 'ਚ ਦੋਵੇਂ ਨੇਤਾ ਚੇਅਰਮੈਨੀ ਨੂੰ ਠੁਕਰਾ ਸਕਦੇ ਹਨ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਜੇਕਰ ਵਿਧਾਇਕਾਂ ਨੂੰ ਚੇਅਰਮੈਨ ਬਣਾ ਕੇ ਐਡਜਸਟ ਕੀਤਾ ਜਾਂਦਾ ਹੈ ਤਾਂ ਚੇਅਰਮੈਨੀ ਦੀ ਦੌੜ 'ਚ ਸ਼ਾਮਲ ਤਜਿੰਦਰ ਬਿੱਟੂ, ਰਾਣਾ ਰੰਧਾਵਾ ਅਤੇ ਕਾਕੂ ਆਹਲੂਵਾਲੀਆ ਦੇ ਹੱਥ ਨਿਰਾਸ਼ਾ ਲੱਗ ਸਕਦੀ ਹੈ।


Related News