ਕੈਪਟਨ ਸੌਦਾ ਸਾਧ ਨਾਲ ਛੱਡੇ ਯਾਰੀ : ਦਾਦੂਵਾਲ
Sunday, Mar 04, 2018 - 07:13 AM (IST)
ਲੰਬੀ/ ਮਲੋਟ (ਜੁਨੇਜਾ) - ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਡੇਰਾ ਸਿਰਸਾ ਵਿਰੁੱਧ ਨਰਮਈ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ-ਭਾਜਪਾ ਸਰਕਾਰ ਦੇ ਰਾਹ 'ਤੇ ਚੱਲ ਪਏ ਹਨ। ਇਸ ਲਈ ਕੈਪਟਨ ਵੱਲੋਂ ਵੀ ਕੇਸਾਂ ਵਿਚ ਘਿਰੇ ਡੇਰਾ ਪ੍ਰੇਮੀਆਂ ਵਿਰੁੱਧ ਕਾਰਵਾਈ ਕਰਨੀ ਤਾਂ ਦੂਰ ਸਗੋਂ ਕੈਪਟਨ ਸਰਕਾਰ ਡੇਰੇ ਖੁੱਲ੍ਹਵਾ ਕੇ ਨਾਮ ਚਰਚਾ ਕਰਵਾ ਰਹੀ ਹੈ। ਜਥੇਦਾਰ ਦਾਦੂਵਾਲ ਅੱਜ ਡੇਰਾ ਪ੍ਰੇਮੀਆਂ ਵੱਲੋਂ ਗੰ੍ਰਥੀ ਸਿੰਘ ਨੂੰ ਧਮਕਾਉਣ ਦੀ ਘਟਨਾ ਤੋਂ ਬਾਅਦ ਪਿੰਡ ਬੀਦੋਵਾਲ ਪੁੱਜੇ ਸਨ। ਉਨ੍ਹਾਂ ਕਿਹਾ ਗ੍ਰੰਥੀ ਸਿੰਘ ਭਾਈ ਕੁਲਦੀਪ ਸਿੰਘ ਨੂੰ ਧਮਕੀਆਂ ਦੇਣ ਵਾਲਾ ਡੇਰਾ ਪ੍ਰੇਮੀ ਮੋਹਨ ਸਿੰਘ ਤੇ ਪੰਚਕੂਲਾ ਮਾਮਲੇ ਦੌਰਾਨ ਮਲੋਟ, ਕਬਰਵਾਲਾ, ਲੰਬੀ ਥਾਣਿਆਂ ਵਿਚ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਇਸ ਕਰ ਕੇ ਹੀ ਉਹ ਸ਼ਰੇਆਮ ਆਪਣੇ ਘਰ ਸਪੀਕਰ ਲਾ ਕੇ ਨਾਮ ਚਰਚਾ ਘਰ ਬਣਾ ਕੇ ਗ੍ਰੰਥੀ ਸਿੰਘ ਨੂੰ ਧਮਕਾਉਂਦਾ ਰਿਹਾ।
ਉਨ੍ਹਾਂ ਕਿਹਾ ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਵੋਟਾਂ ਖਾਤਰ ਡੇਰੇ ਨੂੰ ਪੂਰੀ ਹਮਾਇਤ ਦੇ ਕੇ ਸਿੱਖ ਕੌਮ ਨਾਲ ਗੱਦਾਰੀ ਕੀਤੀ। ਜਿਸ ਦਾ ਖਮਿਆਜ਼ਾ ਬਾਦਲਾਂ ਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਭੁਗਤਣਾ ਪਿਆ। ਹੁਣ ਕੈਪਟਨ ਵੀ ਉਸ ਰਾਹ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਬਾਦਲਾਂ ਵਾਂਗ ਯਾਰੀ ਰੱਖਣ ਦੀ ਬਜਾਏ ਜਾਂਚ ਕਰਵਾਉਣ ਤਾਂ ਹੀ ਸਾਹਮਣੇ ਆਏਗਾ ਕਿ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਮੌੜ ਬੰਬ ਕਾਂਡ ਦੀਆਂ ਤਾਰਾਂ ਸਿੱਧੀਆਂ ਸੌਦਾ ਸਾਧ ਨਾਲ ਜੁੜਦੀਆਂ ਹਨ ।
