ਕੈਪਟਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਕੀਤਾ  ਐਲਾਨ

Thursday, May 13, 2021 - 07:29 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ। ਟੀਕਿਆਂ ਦੇ ਸੀਮਤ ਉਪਲੱਬਧ ਸਟਾਕ ਦੀ ਉਚਿਤ ਵਰਤੋਂ ਬਾਰੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਮਹਿਕਮੇ ਨੂੰ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ 18-44 ਉਮਰ ਸਮੂਹ ਦੇ ਸਹਿ-ਰੋਗੀਆਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। 12 ਮਈ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਪਾਜ਼ੇਟਿਵਟੀ ਦਰ 14.2 ਫੀਸਦੀ ਅਤੇ ਕੋਵਿਡ ਮੌਤ ਦਰ (ਸੀ.ਐਫ.ਆਰ.) 2.1 ਫੀਸਦੀ ਹੈ। ਮੰਤਰੀ ਮੰਡਲ ਦੀ ਇਕ ਵਰਚੁਅਲ ਮੀਟਿੰਗ ਵਿਚ ਕੋਵਿਡ ਸਥਿਤੀ ਅਤੇ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਿਹਤ ਮਹਿਕਮੇ ਨੂੰ ਕਿਹਾ ਕਿ ਉਹ ਤਰਜੀਹੀ ਸਮੂਹਾਂ ਲਈ ਸ਼ਨਾਖਤ ਕੀਤੇ ਸਕੂਲਾਂ ਅਤੇ ਹੋਰ ਇਮਾਰਤਾਂ ਵਿੱਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਭੀੜ ਵਧਣ ਨਾਲ ਮਹਾਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਕੋਵਿਡ ਨਾਲ ਨਜਿੱਠਣ ਲਈ ਸਿਹਤ ਮਹਿਕਮੇ ’ਚ ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ

ਮਾਹਿਰ ਸਮੂਹ ਦੇ ਵਿਸ਼ੇਸ਼ ਇਨਵਾਇਟੀ ਡਾ. ਗਗਨਦੀਪ ਕੰਗ ਨੇ ਕੈਬਨਿਟ ਨੂੰ ਦੱਸਿਆ ਕਿ ਮੁੱਢਲੇ ਅੰਕੜਿਆਂ ’ਚ ਦੇਖਿਆ ਗਿਆ ਹੈ ਕਿ ਟੀਕੇ ਕੋਰੋਨਾ ਦੀ ਕਿਸਮ ਬੀ.1.617 ਵਿਰੁੱਧ ਲੜਨ ਸਮੇਤ ਕੋਰੋਨਾ ਵਾਇਰਸ ਖਿਲਾਫ ਉਮੀਦ ਨਾਲੋਂ ਬਿਹਤਰ ਕੰਮ ਕਰ ਰਹੇ ਹਨ ਜਿਸ ਲਈ ਟੀਕਾਕਰਨ ਪ੍ਰੋਗਰਾਮ ਦੀ ਵਿਸ਼ੇਸ਼ ਲੋੜ ਹੈ। ਉਨ੍ਹਾਂ ਕੋਵੀਸ਼ੀਲਡ ਦੀ ਸਮਰੱਥਾ ਅਤੇ ਉਪਲੱਬਧਤਾ ਦੇ ਮੱਦੇਨਜ਼ਰ ਇਸ ਦੀ ਵਿਆਪਕ ਵਰਤੋਂ ਦਾ ਸੁਝਾਅ ਦਿੱਤਾ ਅਤੇ ਦੱਸਿਆ ਹੈ ਕਿ ਕੋਵੀਸ਼ੀਲਡ ਦੀ ਇਕ ਖੁਰਾਕ ਵੀ ਵਧੇਰੇ ਪ੍ਰਭਾਵਸ਼ਾਲੀ ਹੈ ਅਤੇ ਦੂਜੀ ਖੁਰਾਕ ਨੂੰ 12 ਹਫਤਿਆਂ ਤੱਕ ਦਿੱਤਾ ਜਾ ਸਕਦਾ ਹੈ। ਡਾ. ਕੰਗ ਨੇ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਨੂੰ ਟੀਕਾਕਰਨ ਦੀ ਤਰਜੀਹੀ ਸੂਚੀ ਵਿੱਚ ਮੋਟਾਪੇ ਨੂੰ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਿੱਧੂ ਤੋਂ ਖਫ਼ਾ ਕਾਂਗਰਸੀ ਮੰਤਰੀਆਂ ਨੇ ਖੋਲ੍ਹਿਆ ਮੋਰਚਾ, ਹਾਈਕਮਾਨ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


Anuradha

Content Editor

Related News