ਕੈਪਟਨ ਨੇ ਵੇਰਕਾ ਤੇ ਮਿੱਤਲ ਨੂੰ ਦਿੱਤਾ ਕੈਬਨਿਟ ਰੈਂਕ

Friday, Jul 26, 2019 - 11:35 AM (IST)

ਕੈਪਟਨ ਨੇ ਵੇਰਕਾ ਤੇ ਮਿੱਤਲ ਨੂੰ ਦਿੱਤਾ ਕੈਬਨਿਟ ਰੈਂਕ

ਚੰਡੀਗੜ (ਭੁੱਲਰ)-ਸੋਨਾਲੀਕਾ ਗਰੁੱਪ ਨਾਲ ਸਬੰਧਤ ਉੱਘੇ ਉਦਯੋਗਪਤੀ ਅੰਮ੍ਰਿਤ ਸਾਗਰ ਮਿੱਤਲ ਨੂੰ ਪੰਜਾਬ ਰਾਜ ਯੋਜਨਾ ਬੋਰਡ 'ਚ ਉਪ-ਚੇਅਰਮੈਨ ਨਿਯੁਕਤ ਕੀਤੇ ਜਾਣ ਨਾਲ ਬੋਰਡ 'ਚ ਉਪ-ਚੇਅਰਮੈਨਾਂ ਦੀ ਗਿਣਤੀ 3 ਹੋ ਗਈ ਹੈ, ਜਿਨ੍ਹਾਂ 'ਚ ਉੱਘੇ ਉਦਯੋਗਪਤੀ ਰਜਿੰਦਰ ਗੁਪਤਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਪਹਿਲਾਂ ਹੀ ਕੈਬਨਿਟ ਮੰਤਰੀ ਦੇ ਰੁਤਬੇ 'ਚ ਉਪ-ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਹਨ। ਅੰਮ੍ਰਿਤ ਸਾਗਰ ਮਿੱਤਲ ਨੂੰ ਵੀ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ।

ਇਸ ਸਬੰਧੀ ਯੋਜਨਾ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਮਿਆਦ 27 ਮਾਰਚ, 2021 ਅਤੇ ਰਜਿੰਦਰ ਕੌਰ ਭੱਠਲ ਦੀ ਮਿਆਦ 3 ਜੁਲਾਈ, 2021 ਤੱਕ ਹੈ। ਦੋਵੇਂ ਸੂਬਾਈ ਯੋਜਨਾ ਬੋਰਡ ਤੋਂ ਤਨਖਾਹ ਨਹੀਂ ਲੈ ਰਹੇ ਹਨ। ਅੰਮ੍ਰਿਤ ਸਾਗਰ ਮਿੱਤਲ ਦੀ ਨਿਯੁਕਤੀ ਸਬੰਧੀ ਸ਼ਰਤਾਂ ਨੂੰ ਛੇਤੀ ਹੀ ਅੰਤਮ ਰੂਪ ਦਿੱਤਾ ਜਾਵੇਗਾ। ਉਹ ਸੋਨਾਲੀਕਾ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ ਦੇ ਵੀ ਉਪ-ਚੇਅਰਮੈਨ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਤਿੰਨ ਵਾਰ ਵਿਧਾਇਕ ਅਤੇ ਇਸ ਸਮੇਂ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ  ਡਾ. ਰਾਜ ਕੁਮਾਰ ਵੇਰਕਾ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦੇ ਦਿੱਤਾ ਗਿਆ ਹੈ।


author

Karan Kumar

Content Editor

Related News