ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ''ਤੇ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ
Saturday, Mar 24, 2018 - 07:15 AM (IST)

ਧਨੌਲਾ(ਰਵਿੰਦਰ)—ਪਿੰਡ ਕੁੱਬੇ ਦੇ ਲੋੜਵੰਦ ਲੋਕਾਂ ਨੇ ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ 'ਤੇ ਹਲਕਾ ਭਦੌੜ ਦੇ ਇੰਚਾਰਜ ਅਤੇ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਣਜੋਧ ਸਿੰਘ ਕੋਆਰਡੀਨੇਟਰ ਯੂਥ ਅਕਾਲੀ ਦਲ ਹਲਕਾ ਭਦੌੜ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਬਜਾਏ ਅਕਾਲੀ ਸਰਕਾਰ ਸਮੇਂ ਕਿਸਾਨਾਂ ਅਤੇ ਗਰੀਬਾਂ ਨੂੰ ਦਿੱਤੀਆਂ ਗਈਆਂ ਆਟਾ-ਦਾਲ ਸਕੀਮ, ਮੁਫ਼ਤ ਬਿਜਲੀ, ਸ਼ਗਨ ਸਕੀਮ ਆਦਿ ਸਹੂਲਤਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਭਦੌੜ 'ਚ ਜਾਂਚ ਦਾ ਬਹਾਨਾ ਬਣਾ ਕੇ ਸਿਆਸੀ ਰੰਜਿਸ਼ ਅਧੀਨ ਕਾਂਗਰਸ ਨੂੰ ਵੋਟ ਨਾ ਪਾਉਣ ਵਾਲੇ ਲੋੜਵੰਦ ਲੋਕਾਂ ਦੇ ਆਟਾ-ਦਾਲ ਆਦਿ ਸਕੀਮ ਦੇ ਲਾਭਪਾਤਰੀਆਂ ਦੇ ਕਾਰਡ ਕੱਟ ਦਿੱਤੇ ਗਏ ਹਨ। ਪਿੰਡ ਕੁੱਬੇ ਦਾ ਡਿਪੂ ਪਿੰਡ ਅਤਰ ਸਿੰਘ ਵਾਲੇ ਦੇ ਡਿਪੂ ਹੋਲਡਰ ਬੂਟਾ ਸਿੰਘ ਕੋਲ ਹੈ ਪਰ ਇਸ ਦੇ ਬਾਵਜੂਦ ਫੂਡ ਸਪਲਾਈ ਵਿਭਾਗ ਬਰਨਾਲਾ ਦੀ ਕਥਿਤ ਮਿਲੀਭੁਗਤ ਨਾਲ ਆਟਾ-ਦਾਲ ਸਕੀਮ ਅਧੀਨ ਵੰਡੀ ਜਾਣ ਵਾਲੀ ਕਣਕ ਪਿੰਡ ਕੁੱਬੇ ਦੇ ਸਰਪੰਚ ਜਰਨੈਲ ਸਿੰਘ ਦੇ ਘਰ ਵੰਡੀ ਜਾ ਰਹੀ ਹੈ ਅਤੇ ਅੱਜ ਕਰੀਬ 50 ਬੋਰੀਆਂ ਕਣਕ ਸਰਪੰਚ ਦੇ ਘਰ ਪਈ ਹੈ। ਇਸ ਮੌਕੇ ਜਿਨ੍ਹਾਂ ਦੇ ਕਾਰਡ ਕੱਟੇ ਗਏ, ਉਨ੍ਹਾਂ 'ਚੋਂ ਮਲਕੀਤ ਸਿੰਘ, ਬਲਵੰਤ ਸਿੰਘ, ਵਿੱਕੀ, ਬੂਟਾ ਸਿੰਘ, ਹਾਕਮ ਸਿੰਘ, ਸੁਖਵਿੰਦਰ ਸਿੰਘ, ਨਛੱਤਰ ਸਿੰਘ, ਸਰਬਜੀਤ ਕੌਰ, ਬਲਜੀਤ ਕੌਰ, ਹਰਪਾਲ ਕੌਰ, ਗੁਰਮੀਤ ਕੌਰ, ਬਲਜੀਤ ਕੌਰ, ਗੁਰਲਾਭ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।
ਕੀ ਕਹਿੰਦੇ ਨੇ ਅਧਿਕਾਰੀ
ਜਦੋਂ ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਜੀਤ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੋ ਕਾਰਡ ਕੱਟੇ ਗਏ , ਉਹ ਐੱਸ. ਡੀ. ਐੱਮ. ਦਫਤਰ ਦੀ ਜਾਂਚ ਅਨੁਸਾਰ ਹੀ ਕੱਟੇ ਗਏ। ਸਰਪੰਚ ਦੇ ਘਰ ਪਈ ਕਣਕ ਸਬੰਧੀ ਉਨ੍ਹਾਂ ਕਿਹਾ ਕਿ ਕੁਝ ਲੋਕ ਕਣਕ ਲੈਣ ਨਹੀਂ ਸੀ ਆਏ, ਜਿਸ ਕਾਰਨ ਬਾਕੀ ਬਚੀ ਕਣਕ ਸਰਪੰਚ ਦੇ ਘਰ ਰੱਖੀ ਗਈ ਹੈ।