ਆਂਗਣਵਾਡ਼ੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਭੇਜੀਅਾਂ ਬਦਾਮਾਂ ਦੀਆਂ ਥੈਲੀਆਂ
Wednesday, Jul 04, 2018 - 02:40 AM (IST)

ਬਠਿੰਡਾ(ਬਲਵਿੰਦਰ)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੀਆਂ ਆਂਗਣਵਾਡ਼ੀ ਮੁਲਾਜ਼ਮਾਂ ਨੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਗੁੱਸਾ ਕੱਢਿਆ। ਨਾਲ ਹੀ ਮੁਲਜ਼ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਾਮਾਂ ਦੀਆਂ 7 ਥੈਲੀਆਂ ਵੀ ਤੋਹਫੇ ਵਿਚ ਭੇਜੀਆਂ। ਮੁਲਾਜ਼ਮਾਂ ਨੇ ਕਿਹਾ ਕਿ ਬਦਾਮ ਖਾਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਉਕਤ ਬਦਾਮ ਮੁੱਖ ਮੰਤਰੀ ਨੂੰ ਇਸ ਲਈ ਭੇਜੇ ਗਏ ਹਨ ਕਿ ਉਹ ਆਂਗਣਵਾਡ਼ੀ ਮੁਲਾਜ਼ਮਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਯਾਦ ਰੱਖੇ। ਇਸ ਮੌਕੇ ’ਤੇ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲਾ ਇੰਚਾਰਜ ਚਰਨਜੀਤ ਕੌਰ ਨੇ ਦੱਸਿਆ ਕਿ ਪਿਛਲੀ 12 ਜੂਨ ਨੂੰ ਵਿਭਾਗੀ ਮੰਤਰੀ ਦੇ ਨਾਲ ਮੁਲਾਜ਼ਮਾਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਨੂੰ ਮੰਗਾਂ ’ਤੇ ਵਿਚਾਰ ਕਰਨ ਅਤੇ ਅੱਗੇ ਹੋਰ ਮੀਟਿੰਗਾਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਸਦੇ ਬਾਅਦ ਸਾਰੀ ਕਾਰਵਾਈ ਫਿਰ ਤੋਂ ਠੱਪ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸਦੇ ਵਿਰੋਧ ’ਚ 10 ਜੁਲਾਈ ਨੂੰ ਆਲ ਇੰਡੀਆ ਫੈੱਡਰੇਸ਼ਨ ਆਫ ਆਂਗਣਵਾਡ਼ੀ ਹੈਲਪਰਜ ਐਂਡ ਵਰਕਰਜ਼ ਦੇ ਸੱਦੇ ’ਤੇ ਬਠਿੰਡਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ’ਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਹਰਿਆਣਾ ਦੀ ਤਰਜ਼ ’ਤੇ ਭੱਤਾ ਦਿੱਤਾ ਜਾਵੇ, 3 ਤੋਂ 6 ਸਾਲ ਦੇ ਬੱਚੇ ਕੇਂਦਰਾਂ ’ਚ ਵਾਪਿਸ ਭੇਜੇ ਜਾਣ, ਐਡਵਾਈਜਰੀ ਬੋਰਡ ਤਹਿਤ ਚਲਦੇ ਪ੍ਰੋਜੈਕਟਾਂ ਨੂੰ ਵਾਪਸ ਲਿਆ ਜਾਵੇ ਅਤੇ ਮੁਲਾਜ਼ਮਾਂ ਦੇ ਲਈ ਗ੍ਰੈਚੁਟੀ ਦੀ ਵਿਵਸਥਾ ਕੀਤੀ ਜਾਵੇ। ਇਸ ਮੌਕੇ ਯੂਨੀਅਨ ਆਗੂ ਮੱਖਣ ਕੌਰ, ਰਣਜੀਤ ਕੌਰ, ਪ੍ਰਤਿਭਾ ਸ਼ਰਮਾ, ਹਰਬੰਸ ਕੌਰ, ਸੁਖਪਾਲ ਕੌਰ, ਜਸਪਾਲ ਕੌਰ, ਵੀਰਪਾਲ ਕੌਰ, ਸੰਤੋਸ਼ ਕੌਰ, ਨਿਸ਼ਾ ਆਦਿ ਨੇ ਵੀ ਸੰਬੋਧਨ ਕੀਤਾ।