ਅਕਾਲੀ ਦਲ ਭਲਕੇ ਮੁੱਖ ਮੰਤਰੀ ਨੂੰ ਸਾਰਾ ਕਿਸਾਨੀ ਕਰਜ਼ਾ ਮੁਆਫੀ ਲਈ ਦੇਵੇਗਾ ਮੈਮੋਰੰਡਮ : ਮਲੂਕਾ
Tuesday, Mar 13, 2018 - 07:11 AM (IST)

ਜਲੰਧਰ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਵਿੰਗ 14 ਮਾਰਚ ਨੂੰ ਨਕੋਦਰ 'ਚ ਹੋਣ ਵਾਲੇ ਕਰਜ਼ਾ ਮੁਆਫੀ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਲਈ ਮੈਮੋਰੰਡਮ ਦੇਵੇਗਾ ਅਤੇ ਮੰਗ ਕਰੇਗਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਮੁਤਾਬਕ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਪਾਰਟੀ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਬਲਦੇਵ ਸਿੰਘ ਖਹਿਰਾ ਵਿਧਾਇਕ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਮਲੂਕਾ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਨਾ ਕੀਤਾ ਤਾਂ ਕਿਸਾਨ ਵਿੰਗ ਵਲੋਂ ਮੁੱਖ ਮੰਤਰੀ, ਮੰਤਰੀਆਂ ਤੇ ਦੂਜੇ ਕਾਂਗਰਸੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਕਿਸਾਨਾਂ ਸਿਰ ਕੁਲ ਕਰਜ਼ਾ ਸਰਕਾਰ ਦੇ ਅੰਕੜਿਆਂ ਮੁਤਾਬਕ 90 ਹਜ਼ਾਰ ਕਰੋੜ ਬਣਦਾ ਹੈ। ਕੈਪਟਨ ਸਰਕਾਰ ਸਿਰਫ ਦੋ ਲੱਖ ਤਕ ਦਾ ਕਰਜ਼ਾ ਮੁਆਫ ਕਰਨ ਲੱਗੀ ਹੈ ਤੇ ਇਸ ਮੁਆਫੀ ਵਿਚ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਹਨ। ਮੁੱਖ ਮੰਤਰੀ ਨੇ ਪਹਿਲਾਂ ਕਿਸਾਨਾਂ ਦਾ 10 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਪਰ ਬਜਟ ਸੈਸ਼ਨ 'ਚ ਸਿਰਫ ਕਰਜ਼ਾ ਮੁਆਫੀ ਲਈ ਰੱਖੇ 1500 ਕਰੋੜ। ਮਲੂਕਾ ਨੇ ਦੱਸਿਆ ਕਿ ਮਾਨਸਾ ਵਿਖੇ ਹੋਏ ਸਮਾਗਮ 'ਚ ਮਾਲਵਾ ਖੇਤਰ ਦੇ ਕਿਸਾਨਾਂ ਦਾ ਸਿਰਫ 167 ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਪਰ ਅਜੇ ਤਕ ਉਸ ਦੇ ਵੀ ਕਿਸਾਨਾਂ ਨੂੰ 2-2 ਲੱਖ ਕਰਜ਼ਾ ਮੁਆਫੀ ਦੇ ਚੈੱਕ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਨਕੋਦਰ 'ਚ ਹੋਣ ਵਾਲੇ ਕਰਜ਼ਾ ਮਾਫੀ ਸਮਾਗਮ ਵਿਚ 200-300 ਕਰੋੜ ਦੀ ਮੁਆਫੀ ਮਸਾਂ ਕਿਸਾਨਾਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਇਕ ਫਰਾਡ ਹੈ ਤੇ ਕਿਸਾਨਾਂ ਨਾਲ ਧੋਖਾ ਹੈ। ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦਾ ਕਰਜ਼ਾ ਵੀ ਮੁਆਫ ਹੋਣਾ ਚਾਹੀਦਾ ਸੀ। ਜੇਕਰ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਸਕਦਾ ਹੁੰਦਾ ਤਾਂ ਬਾਦਲ ਸਰਕਾਰ ਨੇ ਹੀ ਕਰ ਦੇਣਾ ਸੀ। ਇਹ ਤਾਂ ਕਾਂਗਰਸ ਨੇ ਸਿਰਫ ਵੋਟਾਂ ਵਟੋਰਨ ਲਈ ਹੀ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਸ ਮੌਕੇ 'ਤੇ ਯੂਥ ਵਿੰਗ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ, ਨਾਇਬ ਸਿੰਘ ਕੋਹਾੜ, ਸੇਠ ਸੱਤਪਾਲ ਮੱਲ, ਗੁਰਵਿੰਦਰ ਸਿੰਘ ਕਿਸ਼ਨਪੁਰਾ, ਪ੍ਰਧਾਨ ਦਿਹਾਤੀ ਯੂਥ ਅਕਾਲੀ ਦਲ ਜਗਜੀਤ ਸਿੰਘ ਜੱਗੀ ਪ੍ਰਧਾਨ ਅਤੇ ਰਣਜੀਤ ਸਿੰਘ ਰਾਣਾ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ।