ਕੈਪਟਨ ਦੀ ਲੁਧਿਆਣਾ ਤੋਂ ਬੇਰੁਖੀ, ਵਰਕਰਾਂ ''ਚ ਛੇੜ ਰਹੀ ਹੈ ਚਰਚਾ

Tuesday, Mar 06, 2018 - 05:55 AM (IST)

ਕੈਪਟਨ ਦੀ ਲੁਧਿਆਣਾ ਤੋਂ ਬੇਰੁਖੀ, ਵਰਕਰਾਂ ''ਚ ਛੇੜ ਰਹੀ ਹੈ ਚਰਚਾ

ਲੁਧਿਆਣਾ(ਰਿੰਕੂ)-ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਨੂੰ ਇਸ ਮਹੀਨੇ ਇਕ ਸਾਲ ਪੂਰਾ ਹੋਣ ਵਾਲਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲੁਧਿਆਣਾ ਤੋਂ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਸਾਲ ਵਿਚ ਸਿਰਫ ਇਕ ਹੀ ਵਾਰ ਕੈਪਟਨ ਅਮਰਿੰਦਰ ਨੇ ਮਹਾਨਗਰ ਦਾ ਦੌਰਾ ਕੀਤਾ, ਉਹ ਵੀ ਹਲਕਾ ਕੇਂਦਰੀ ਦੇ ਸੂਫੀਆ ਚੌਕ ਸਥਿਤ ਫੈਕਟਰੀ ਵਿਚ ਹੋਏ ਭਿਆਨਕ ਹਾਦਸੇ ਦੌਰਾਨ ਹਾਦਸੇ ਵਾਲੀ ਜਗ੍ਹਾ ਦਾ।  ਉਸ ਤੋਂ ਬਾਅਦ ਜਾਂ ਪਹਿਲਾਂ ਕੈਪਟਨ ਇਕ ਵਾਰ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਮਹਾਨਗਰ ਨਹੀਂ ਆਏ, ਜਿਸ ਨਾਲ ਹੁਣ ਵਰਕਰਾਂ ਵਿਚ ਚਰਚਾ ਜ਼ੋਰਾਂ 'ਤੇ ਹੋ ਰਹੀ ਹੈ ਕਿ ਅਜਿਹਾ ਕੀ ਹੈ ਕਿ ਕੈਪਟਨ ਦਾ ਧਿਆਨ ਲੁਧਿਆਣਾ ਵੱਲ ਨਹੀਂ ਹੈ। ਜੇਕਰ ਗੱਲ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੀ ਕਰੀਏ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਆਏ ਦਿਨ ਲੁਧਿਆਣਾ ਦੇ ਦੌਰੇ 'ਤੇ ਰਹਿੰਦੇ ਸਨ, ਜਿਸ ਨਾਲ ਜਿੱਥੇ ਉਹ ਆਪਣੇ ਵਰਕਰਾਂ ਦਾ ਮਨੋਬਲ ਵਧਾਉਂਦੇ ਸਨ, ਉੱਥੇ ਮਹਾਨਗਰ ਲੁਧਿਆਣਾ ਉਦਯੋਗਿਕ ਰਾਜਧਾਨੀ ਹੋਣ ਕਾਰਨ ਉਦਯੋਗ ਜਗਤ ਦੇ ਨਾਲ ਲਗਾਤਾਰ ਬੈਠਕਾਂ ਕਰਦੇ ਸਨ ਪਰ ਮਾਰਚ 2017 ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਦਾ ਸਿਰਫ ਇਕ ਵਾਰ ਹੀ ਲੁਧਿਆਣਾ ਆਉਣਾ ਕਈ ਚਰਚਾਵਾਂ ਨੂੰ ਜਨਮ ਦੇ ਰਿਹਾ ਹੈ, ਕਿਉਂਕਿ ਜ਼ਿਆਦਾਤਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਮਹਾਨਗਰ ਦਾ ਦੌਰਾ ਕਰਦੇ ਰਹੇ ਹਨ।  ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਸਥਾਨਕ ਲੀਡਰਸ਼ਿਪ ਦਾ ਦਿੱਲੀ 'ਚ ਬੈਠੇ ਆਕਾਵਾਂ ਨਾਲ ਸਿੱਧਾ ਸੰਪਰਕ ਹੋਣ ਕਾਰਨ ਕੈਪਟਨ ਲੁਧਿਆਣਾ ਨੂੰ ਨਜ਼ਰ ਅੰਦਾਜ਼ ਕਰਦੇ ਆ ਰਹੇ ਹਨ। ਇੱਥੋਂ ਕਈ ਸੀਨੀਅਰ ਵਿਧਾਇਕ ਹੋਣ ਕਾਰਨ ਵੀ ਉਨ੍ਹਾਂ ਨੇ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਵਿਚ ਵੀ ਲੁਧਿਆਣਾ ਦੀ ਅਣਦੇਖੀ ਕੀਤੀ, ਜਿਸ ਦੀ ਚਰਚਾ ਵੀ ਉਸ ਸਮੇਂ ਜ਼ੋਰਾਂ 'ਤੇ ਹੋਈ। ਹਾਲ ਹੀ ਵਿਚ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਵੀ ਜਿਸ ਤਰ੍ਹਾਂ ਕਾਂਗਰਸੀ ਆਪਣੀ ਸਰਕਾਰ ਹੋਣ ਕਾਰਨ 80 ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਸਨ, ਉਸ ਵਿਚ ਕਾਂਗਰਸ ਨੂੰ 95 ਵਿਚੋਂ 62 ਸੀਟਾਂ ਹੀ ਮਿਲੀਆਂ। ਬੇਸ਼ੱਕ ਬਹੁਮਤ ਹੋਣ ਕਾਰਨ ਕਾਂਗਰਸ ਆਪਣਾ ਮੇਅਰ ਬਣਾਉਣ ਜਾ ਰਹੀ ਹੈ ਪਰ ਸਥਾਨਕ ਲੀਡਰਸ਼ਿਪ ਨੇ ਗੇਂਦ ਹੁਣ ਕੈਪਟਨ ਦੇ ਪਾਲੇ 'ਚ ਸੁੱਟ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਕਿਸ 'ਤੇ ਆਪਣੀ ਮੋਹਰ ਲਾਉਂਦੇ ਹਨ।


Related News