ਕੈਪਟਨ ਵੱਲੋਂ ਸਿਆਸੀ ਪਾਰਟੀਆਂ ਨੂੰ ਹਾਈਵੇ ਨਾ ਰੋਕਣ ਦੀ ਅਪੀਲ

Tuesday, Dec 12, 2017 - 06:25 AM (IST)

ਕੈਪਟਨ ਵੱਲੋਂ ਸਿਆਸੀ ਪਾਰਟੀਆਂ ਨੂੰ ਹਾਈਵੇ ਨਾ ਰੋਕਣ ਦੀ ਅਪੀਲ

ਚੰਡੀਗੜ੍ਹ(ਬਿਊਰੋ)-ਲੋਕਾਂ ਦੀ ਭਲਾਈ ਦੀ ਆੜ ਵਿਚ ਸੜਕਾਂ ਰੋਕਣ ਲਈ ਅਕਾਲੀਆਂ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਹਾਈਵੇ ਨਾ ਰੋਕਣ ਦਾ ਸੰਕਲਪ ਲੈਣ ਅਤੇ ਵਿਰੋਧ ਪ੍ਰਦਰਸ਼ਨ ਦੇ ਹੋਰ ਢੰਗ-ਤਰੀਕੇ ਲੱਭਣ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀਆਂ ਵੱਲੋਂ ਰਾਜ ਵਿਚ ਸੜਕਾਂ ਜਾਮ ਕਰਨ ਨਾਲ ਲੋਕਾਂ ਨੂੰ ਪੇਸ਼ ਆਈਆਂ ਅਥਾਹ ਸਮੱਸਿਆਵਾਂ ਬਾਰੇ ਟਵਿਟਰ 'ਤੇ ਕੀਤੀ ਆਪਣੀ ਟਿੱਪਣੀ ਤੋਂ ਬਾਅਦ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨ ਵਾਲਾ ਹਰ ਕਿਸਮ ਦਾ ਵਿਰੋਧ 'ਲੋਕਤੰਤਰਿਕ' ਨਹੀਂ ਕਿਹਾ ਜਾ ਸਕਦਾ ਅਤੇ ਕੌਮੀ ਮਾਰਗ ਰੋਕਣਾ ਕਾਨੂੰਨ ਤਹਿਤ ਜੁਰਮ ਹੈ। ਮੁੱਖ ਮੰਤਰੀ ਨੇ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਿਸੇ ਨੂੰ ਵੀ ਕਾਨੂੰਨ ਤੋੜਨ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਉਸ ਦਾ ਸਿੱਟਾ ਭੁਗਤਣਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦੇ ਧਰਨਿਆਂ ਕਾਰਨ ਲੱਖਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਧਰਨੇ ਇਕ ਨੌਟੰਕੀ ਤੋਂ ਵੱਧ ਹੋਰ ਕੁਝ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਇਹ ਧਰਨੇ ਬਿਲਕੁਲ ਫਜ਼ੂਲ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਰਨਿਆਂ ਕਾਰਨ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ, ਜੋ ਕਿ ਵਿਸ਼ਵ ਭਰ ਦੇ ਸ਼ਰਧਾਲੂਆਂ ਦਾ ਪ੍ਰਮੁੱਖ ਸਥਾਨ ਹੈ ਜਦਕਿ ਇਸ ਦੇ ਉਲਟ ਅਕਾਲੀ ਆਪਣੇ-ਆਪ ਨੂੰ ਸਿੱਖ ਧਰਮ ਦਾ ਰਖਵਾਲਾ ਦੱਸਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਮ. ਸੀ. ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਚੋਣ ਕਮਿਸ਼ਨ ਨੇ ਇਕ ਵਾਧੂ ਦਿਨ ਦਿੱਤਾ ਸੀ, ਜਿਸ ਦਾ ਅਕਾਲੀਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਵਾਧੂ ਦਿਨ ਅਕਾਲੀਆਂ ਨੇ ਇਕ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਮਾਮਲੇ 'ਤੇ ਸੁਖਬੀਰ ਪੂਰੀ ਤਰ੍ਹਾਂ ਝੂਠ ਬੋਲਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਤੋਂ ਬਾਅਦ ਸਿਆਸੀ ਤੌਰ 'ਤੇ ਆਪਣੇ-ਆਪ ਨੂੰ ਪੈਰਾਂ 'ਤੇ ਖੜ੍ਹਾ ਕਰਨ ਵਿਚ ਅਸਫਲ ਹੋਏ ਹਨ ਤੇ ਹੁਣ ਨਿਰਾਸ਼ਾ ਵਿਚ ਹੇਠਲੇ ਪੱਧਰ ਦੀ ਸਿਆਸਤ ਕਰ ਰਹੇ ਹਨ ਅਤੇ ਉਨ੍ਹਾਂ ਆਪਣੀ ਖੁੱਸੀ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਇਸ ਤਰ੍ਹਾਂ ਦੀ ਤੁਛ ਸਿਆਸਤ 'ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਾਂਗ ਵਿਵਹਾਰ ਕਰ ਰਹੇ ਹਨ ਅਤੇ ਉਹ ਇਸ ਗੱਲ ਨੂੰ ਮਹਿਸੂਸ ਨਹੀਂ ਕਰ ਰਹੇ ਕਿ ਉਨ੍ਹਾਂ ਦਾ ਹਸ਼ਰ ਵੀ ਅਰਵਿੰਦ ਕੇਜਰੀਵਾਲ ਵਾਲੀ ਪਾਰਟੀ ਵਰਗਾ ਹੋਵੇਗਾ ਜੋ ਕਿ ਆਪਣੀ ਸਿਆਸੀ ਖੇਡ ਦੇ ਹਿੱਸੇ ਵਜੋਂ ਸੜਕਾਂ ਮੱਲਦੇ ਸਨ।
 


Related News