ਕੈਪਟਨ ਤੇ ਬਾਦਲ ਨਿਗਮ ਚੋਣਾਂ ਤੋਂ ਰਹਿਣਗੇ ਦੂਰ!

12/10/2017 5:30:38 AM

ਲੁਧਿਆਣਾ(ਮੁੱਲਾਂਪੁਰੀ)-ਸੂਬੇ 'ਚ ਤਿੰਨ ਨਗਰ ਨਿਗਮਾਂ ਤੋਂ ਦੋ ਦਰਜਨ ਤੋਂ ਵੱਧ ਥਾਵਾਂ 'ਤੇ ਹੋ ਰਹੀਆਂ ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਵਿਚ ਚੋਣ ਪ੍ਰਚਾਰ ਲਗਭਗ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਜਿਨ੍ਹਾਂ ਹਲਕਿਆਂ ਵਿਚ ਚੋਣਾਂ ਹਨ, ਉੱਥੇ ਪੋਸਟਰਬਾਜ਼ੀ, ਝੰਡੇ-ਝੰਡੀਆਂ ਅਤੇ ਰੌਣਕ ਮੇਲਾ ਦਿਖਾਈ ਦੇਣ ਲੱਗ ਪਿਆ ਹੈ। ਇਨ੍ਹਾਂ ਚੋਣਾਂ ਵਿਚ ਇਸ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਡੇਰੀ ਉਮਰ ਕਰ ਕੇ ਚੋਣ ਪ੍ਰਚਾਰ ਤੋਂ ਦੂਰ ਹੀ ਰਹਿਣਗੇ, ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਟੀਮ ਨੂੰ ਵੱਖ-ਵੱਖ ਹਲਕਿਆਂ ਵਿਚ ਤਾਇਨਾਤ ਕਰ ਕੇ ਉਨ੍ਹਾਂ ਤੋਂ ਚੰਗੇ ਨਤੀਜੇ ਲੈਣ ਦੀ ਆਸ ਰੱਖ ਰਹੇ ਦੱਸੇ ਜਾ ਰਹੇ ਹਨ ਕਿਉਂਕਿ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਰਾਜ ਹੈ ਜਿਸ ਕਾਰਨ ਵਿਧਾਇਕ, ਮੰਤਰੀਆਂ ਦੇ ਹਲਕਿਆਂ ਵਿਚ ਹੋਣ ਵਾਲੀ ਚੋਣ ਜਿੱਥੇ ਮੌਜੂਦਾ ਸਰਕਾਰ ਦੇ 9 ਮਹੀਨਿਆਂ ਦਾ ਲੇਖਾ-ਜੋਖਾ ਅੱਗੇ ਰੱਖੇਗੀ, ਉੱਥੇ ਵਿਧਾਇਕਾਂ ਦੇ 9 ਮਹੀਨਿਆਂ ਦੌਰਾਨ ਕੀਤੇ ਕੰਮਾਂ ਦਾ ਵੀ ਪਤਾ ਲੱਗੇਗਾ। ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਦਿਨਾਂ ਵਿਚ ਚੋਣ ਪ੍ਰਚਾਰ ਲਈ ਗੁਜਰਾਤ ਜਾ ਸਕਦੇ ਹਨ ਪਰ ਨਿਗਮ ਚੋਣਾਂ ਵਿਚ ਉਨ੍ਹਾਂ ਦਾ ਜਾਣਾ ਅਜੇ ਕੱਚਾ-ਪੱਕਾ ਹੀ ਦੱਸਿਆ ਜਾ ਰਿਹਾ ਹੈ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਚੋਣਾਂ ਵਿਚ ਜਾਂਦੇ ਹਨ ਜਾਂ ਨਹੀਂ ਇਸ ਬਾਰੇ ਫੈਸਲਾ ਅੱਜ ਪਾਰਟੀ ਕਰੇਗੀ। ਇਹ ਜਾਣਕਾਰੀ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।


Related News