ਪੰਜਾਬ ਦੇ ਹਿੱਤਾਂ ਲਈ ਸਿਆਸਤ ''ਚ ਲੰਬੀ ਪਾਰੀ ਖੇਡਣ ਲਈ ਹਾਂ ਤਿਆਰ : ਅਮਰਿੰਦਰ

11/18/2017 6:08:57 AM

ਜਲੰਧਰ(ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਹਿੱਤਾਂ ਲਈ ਸਿਆਸਤ 'ਚ ਲੰਬੀ ਪਾਰੀ ਖੇਡਣ ਲਈ ਤਿਆਰ ਹਨ ਅਤੇ ਪੰਜਾਬ ਦੇ ਲੋਕਾਂ ਦੀ ਖਾਤਰ ਉਹ ਇਕ ਵਾਰ ਮੁੜ ਕਾਂਗਰਸ ਸਰਕਾਰ ਦਾ ਸੰਚਾਲਨ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਅੱਜ ਐਲਾਨ ਕੀਤਾ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੋਂ ਵਿਰਾਸਤ 'ਚ ਜੋ ਪੰਜਾਬ ਉਨ੍ਹਾਂ ਨੂੰ ਮਿਲਿਆ ਹੈ ਉਸਦੀ ਹਾਲਤ ਦੇਖ ਕੇ ਉਹ ਕਾਫੀ ਚਿੰਤਤ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਆਪਣੇ ਪੈਰਾਂ 'ਤੇ ਦੁਬਾਰਾ ਮਜ਼ਬੂਤੀ ਨਾਲ ਖੜ੍ਹਾ ਕਰਨ ਲਈ ਉਹ ਇਕ ਹੋਰ ਪਾਰੀ ਖੇਡ ਸਕਦੇ ਹਨ। ਕੈਪਟਨ ਨੇ ਕਿਹਾ ਕਿ ਮੌਜੂਦਾ ਪਾਰੀ ਦਾ ਜਦੋਂ ਅੰਤ ਹੋਵੇਗਾ ਤਾਂ ਉਨ੍ਹਾਂ ਦੀ ਉਮਰ 80 ਸਾਲ ਹੋਵੇਗੀ। ਮੈਂ ਇਹ ਸੋਚਿਆ ਸੀ ਕਿ 80 ਸਾਲ ਦੀ ਉਮਰ ਤੋਂ ਬਾਅਦ ਅਗਲੀ ਪਾਰੀ ਨਾ ਖੇਡੀ ਜਾਵੇ ਪਰ ਪੰਜਾਬ ਬਾਰੇ ਉਨ੍ਹਾਂ ਨੇ ਜੋ ਅੰਦਾਜ਼ਾ ਲਗਾਇਆ ਸੀ ਸੂਬੇ ਦੀ ਹਾਲਤ ਤਾਂ ਉਸ ਨਾਲੋਂ ਵੀ ਕਿਤੇ ਜ਼ਿਆਦਾ ਭੈੜੀ ਦਿਸ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਲੱਗਾ ਸੀ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਕੁੱਲ ਮਾਤਰਾ 1.30 ਲੱਖ ਕਰੋੜ ਹੈ ਪਰ ਹੁਣ ਪਤਾ ਲੱਗਾ ਹੈ ਕਿ ਇਹ ਕਰਜ਼ਾ ਤਾਂ 2.08 ਲੱਖ ਕਰੋੜ ਤਕ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ ਵਿੱਤੀ ਘਾਟਾ 34000 ਕਰੋੜ ਅਤੇ ਮਾਲੀਆ ਘਾਟਾ 13000 ਕਰੋੜ ਤਕ ਪਹੁੰਚ ਚੁੱਕਾ ਹੈ।
ਸਿਆਸੀ ਹਲਕਿਆਂ 'ਚ ਮਚੀ ਭਾਰੀ ਹਲਚਲ
ਜ਼ਿਕਰਯੋਗ ਹੈ ਕਿ ਫਰਵਰੀ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਨੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਕਾਰਜਕਾਲ ਹੋਵੇਗਾ ਪਰ ਅੱਜ ਅਚਾਨਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਐਲਾਨ ਤੋਂ ਸਿਆਸੀ ਹਲਕਿਆਂ 'ਚ ਕਾਫੀ ਹਲਚਲ ਮਚ ਗਈ ਹੈ। ਕਾਂਗਰਸ 'ਚ ਹੀ ਕੁਝ ਲੋਕ ਇਹ ਸੋਚ ਰਹੇ ਸਨ ਕਿ ਕੈਪਟਨ ਅਗਲੀ ਵਾਰ ਚੋਣ ਨਹੀਂ ਲੜਨਗੇ ਅਤੇ ਅੱਗੇ ਉਨ੍ਹਾਂ ਦਾ ਦਾਅ ਲੱਗ ਜਾਵੇਗਾ। ਇਸੇ ਤਰ੍ਹਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇਤਾ ਵੀ ਕੈਪਟਨ ਵਲ ਦੇਖ ਰਹੇ ਸਨ ਕਿ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ ਪਰ ਕੈਪਟਨ ਵਲੋਂ ਪੰਜਾਬ ਦੇ ਹਿੱਤਾਂ ਖਾਤਰ ਲੰਬੀ ਪਾਰੀ ਖੇਡਣ ਦੇ ਸੰਕੇਤ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕੈਪਟਨ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵੀ ਲੜਨਗੇ। ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਦੇ ਫੈਸਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਪੰਜਾਬ ਨੂੰ ਲਾਭ ਹੋਵੇਗਾ।


Related News