ਸੀ. ਐੱਮ. ਦੇ ਹੁਕਮਾਂ ਦੀਆਂ ਲਗਾਤਾਰ ਧੱਜੀਆਂ ਉਡਾ ਰਹੇ ਹਨ ਓ. ਐੱਸ. ਡੀਜ਼

10/29/2017 4:05:26 AM

ਜਲੰਧਰ(ਰਵਿੰਦਰ ਸ਼ਰਮਾ)—ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਕਲ ਆਪਣੇ ਆਫੀਸਰ ਆਨ ਡਿਊਟੀ (ਓ. ਐੱਸ. ਡੀਜ਼) ਤੋਂ ਬਹੁਤ ਪ੍ਰੇਸ਼ਾਨ ਹਨ। ਸੀ. ਐੱਮ. ਆਫਿਸ ਤੋਂ ਜਾਰੀ ਹੋਣ ਵਾਲੇ ਹੁਕਮਾਂ ਦੀਆਂ ਓ. ਐੱਸ. ਡੀਜ਼ ਵਾਰ-ਵਾਰ ਧੱਜੀਆਂ ਉਡਾ ਰਹੇ ਹਨ। ਨਵੇਂ ਐਪੀਸੋਡ 'ਚ ਤਿੰਨ ਅਜਿਹੇ ਓ. ਐੱਸ. ਡੀਜ਼ ਹਨ, ਜਿਨ੍ਹਾਂ ਨੇ ਸੀ. ਐੱਮ. ਆਫਿਸ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਇਹ ਤਿੰਨ ਓ. ਐੱਸ. ਡੀਜ਼ ਹਨ ਜਲੰਧਰ ਨਾਲ ਸਬੰਧ ਰੱਖਣ ਵਾਲੇ ਸੋਨੂੰ ਢੇਸੀ, ਜਗਦੀਪ ਸਿੱਧੂ ਤੇ ਅੰਮ੍ਰਿਤਸਰ ਨਾਲ ਸਬੰਧ ਰੱਖਣ ਵਾਲੇ ਬਾਵਾ ਸੰਧੂ। ਇਨ੍ਹਾਂ ਓ. ਐੱਸ. ਡੀਜ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਬਿਨਾਂ ਗੁਰਦਾਸਪੁਰ ਉਪ ਚੋਣ ਕੈਂਪੇਨ 'ਚ ਪਾਰਟੀ ਉਮੀਦਵਾਰ ਲਈ ਹਿੱਸਾ ਲਿਆ ਸੀ। ਇਹੀ ਨਹੀਂ ਸੋਨੂੰ ਢੇਸੀ ਨੇ ਤਾਂ ਬਕਾਇਦਾ ਫੇਸਬੁੱਕ 'ਤੇ ਫੋਟੋ ਅਪਲੋਡ ਕੀਤੇ ਸਨ ਅਤੇ ਕੁੱਝ ਅਖਬਾਰਾਂ 'ਚ ਬਤੌਰ ਸਿਆਸਤਦਾਨ ਬਿਆਨਬਾਜ਼ੀ ਵੀ ਦਿੱਤੀ ਸੀ। ਮਾਮਲਾ ਹੁਣ ਚੋਣ ਕਮਿਸ਼ਨ ਕੋਲ ਪਹੁੰਚ ਚੁੱਕਾ ਹੈ ਕਿਉਂਕਿ ਬਤੌਰ ਓ. ਐੱਸ. ਡੀਜ਼ ਇਹ ਸਰਕਾਰ ਤੋਂ ਸੈੱਲਰੀ ਰਿਸੀਵ ਕਰਦੇ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਦੀ ਚੋਣ ਕੈਂਪੇਨ 'ਚ ਹਿੱਸਾ ਨਹੀਂ ਲੈ ਸਕਦੇ ਸਨ। ਚੋਣ ਕੈਂਪੇਨ 'ਚ ਹਿੱਸਾ ਲੈਣ ਤੋਂ ਪਹਿਲਾਂ ਇਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਣਾ ਸੀ, ਜੋ ਇਨ੍ਹਾਂ ਨੇ ਨਹੀਂ ਦਿੱਤਾ। ਹੁਣ ਸਰਕਾਰ ਵੀ ਇਨ੍ਹਾਂ ਓ. ਐੱਸ. ਡੀਜ਼ ਦੇ ਮਾਮਲੇ ਨੂੰ ਲੈ ਕੇ ਬਚਾਅ ਦੀ ਮੁਦਰਾ 'ਚ ਆ ਗਈ ਹੈ। ਮਾਮਲਾ ਦਬਾਉਣ ਲਈ ਹੁਣ ਤਿੰਨੇ ਓ. ਐੱਸ. ਡੀਜ਼ ਤੋਂ ਬੈਕ ਡੇਟ 'ਚ ਅਸਤੀਫਾ ਲਿਆ ਗਿਆ ਹੈ ਪਰ ਅੰਦਰਖਾਤੇ ਸੀ. ਐੱਮ. ਇਸ ਕਦਰ ਇਨ੍ਹਾਂ ਓ. ਐੱਸ. ਡੀਜ਼ ਤੋਂ ਨਾਰਾਜ਼ ਹਨ ਕਿ ਉਹ ਦੁਬਾਰਾ ਇਨ੍ਹਾਂ ਨੂੰ ਅਹੁਦੇ 'ਤੇ ਬਹਾਲ ਕਰਨ ਦੇ ਮੂਡ 'ਚ ਦਿਖਾਈ ਨਹੀਂ ਦੇ ਰਹੇ ਹਨ।
ਮੁੱਖ ਮੰਤਰੀ ਨੇ ਗੁਰਦਾਸਪੁਰ ਉਪ ਚੋਣ ਦੀ ਕਮਾਨ ਆਪਣੇ ਖਾਸਮਖਾਸ ਸੰਦੀਪ ਸੰਧੂ ਨੂੰ ਸੌਂਪੀ ਸੀ। ਇਸ ਅਹਿਮ ਜ਼ਿੰਮੇਵਾਰੀ ਤੋਂ ਪਹਿਲਾਂ ਸੰਦੀਪ ਸੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਸੋਨੂੰ ਢੇਸੀ, ਜਗਦੀਪ ਸਿੱਧੂ ਤੇ ਬਾਵਾ ਸੰਧੂ ਦੀ ਸੀ. ਐੱਮ. ਆਫਿਸ  ਤੋਂ ਕਿਤੇ ਵੀ ਡਿਊਟੀ ਨਹੀਂ ਲਗਾਈ ਗਈ ਸੀ। ਬਾਵਜੂਦ ਇਸ ਦੇ ਤਿੰਨਾਂ ਨੇ ਵਾਹ-ਵਾਹੀ ਲੁੱਟਣ ਦੇ ਚੱਕਰ 'ਚ ਸੀ. ਐੱਮ. ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਗੁਰਦਾਸਪੁਰ ਵੱਲ ਕੂਚ ਕੀਤਾ।  ਸੋਸ਼ਲ ਮੀਡੀਆ 'ਤੇ ਫੋਟੋਆਂ ਅਪਲੋਡ ਕੀਤੀਆਂ ਅਤੇ ਕੁੱਝ ਕੁ ਨੇ ਤਾਂ ਮੀਡੀਆ 'ਚ ਬਿਆਨ ਵੀ ਦਿੱਤਾ। ਮਾਮਲੇ ਦੀ ਸ਼ਿਕਾਇਤ ਹੁਣ ਚੋਣ ਕਮਿਸ਼ਨ ਕੋਲ ਪਹੁੰਚ ਚੁੱਕੀ ਹੈ। ਕਿਉਂਕਿ ਅਜਿਹਾ ਕਰਨ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਸੀ. ਐੱਮ. ਓ. ਆਫਿਸ ਤੋਂ ਸਾਰੇ ਓ. ਐੱਸ. ਡੀਜ਼ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿਚ ਸੀ. ਐੱਮ. ਆਫਿਸ ਤੋਂ ਦੂਰੀ ਬਣਾਉਣ ਦੀ ਗੱਲ ਵੀ ਕਹੀ ਗਈ ਸੀ ਪਰ ਜ਼ਿਆਦਾਤਰ ਓ. ਐੱਸ. ਡੀਜ਼ ਇਨ੍ਹਾਂ ਹੁਕਮਾਂ ਦੀ ਪਾਲਣਾ ਵੀ ਨਹੀਂ ਕਰ ਰਹੇ ਸਨ। ਸੰਦੀਪ ਸੰਧੂ ਦੇ ਬਿਹਤਰ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤਾਂ ਦੁਬਾਰਾ ਓ. ਐੱਸ. ਡੀ. ਦੇ ਅਹੁਦੇ 'ਤੇ ਬਹਾਲ ਕਰ ਦਿੱਤਾ ਗਿਆ ਹੈ ਪਰ ਮੁੱਖ ਮੰਤਰੀ ਹੋਰ ਤਿੰਨੋਂ ਓ. ਐੱਸ. ਡੀਜ਼ 'ਤੇ ਛੇਤੀ ਮਿਹਰਬਾਨੀ ਕਰਨ ਦੇ ਮੂਡ 'ਚ ਦਿਖਾਈ ਨਹੀਂ ਦੇ ਰਹੇ ਹਨ। ਕਾਰਨ ਸਾਫ ਹੈ ਕਿ ਇਨ੍ਹਾਂ ਓ. ਐੱਸ. ਡੀਜ਼ ਦੀ ਕਾਰਜਪ੍ਰਣਾਲੀ ਤੋਂ ਸੀ. ਐੱਮ. ਬਹੁਤ ਨਾਰਾਜ਼ ਹਨ। ਚੋਣ ਕਮਿਸ਼ਨ ਦੇ ਨੋਟਿਸ ਤੋਂ ਬਚਣ ਲਈ ਇਨ੍ਹਾਂ ਤਿੰਨਾਂ ਓ. ਐੱਸ. ਡੀਜ਼ ਦਾ ਬੈਕ ਡੇਟ 'ਚ ਅਸਤੀਫਾ ਲਿਆ ਗਿਆ ਹੈ ਅਤੇ ਹੁਣ ਫਾਈਲ ਚੀਫ ਪਿੰ੍ਰਸੀਪਲ ਸੈਕਟਰੀ ਸੁਰੇਸ਼ ਕੁਮਾਰ  ਕੋਲ ਪਈ ਹੈ।


Related News