ਕੈਨੇਡਾ ਦੇ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਦੇ ਬਿਆਨ ਨਾਲ ਪੰਜਾਬ ਦੀ ਸਿਆਸਤ ''ਚ ਭੂਚਾਲ
Tuesday, Oct 24, 2017 - 03:01 PM (IST)
ਜਲੰਧਰ(ਧਵਨ, ਬਿਊਰੋ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲਈ ਕੈਨੇਡਾ ਦੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਦੀ 'ਸਵੈ-ਨਿਰਣੇ' ਦੀ ਟਿੱਪਣੀ 'ਤੇ ਵਰ੍ਹਦਿਆਂ ਕਿਹਾ ਕਿ ਉਹ ਭਾਰਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਨਜਾਣ ਹਨ, ਜਿਥੇ ਸਿੱਖਾਂ ਤੇ ਪੰਜਾਬੀਆਂ ਨੇ ਹਰੇਕ ਖੇਤਰ ਵਿਚ ਸ਼ਾਨਦਾਰ ਉਪਲਬਧੀਆਂ ਹਾਸਲ ਕਰ ਕੇ ਪੰਜਾਬ ਦਾ ਮਾਣ-ਸਨਮਾਨ ਵਧਾਇਆ ਹੈ। ਜਗਮੀਤ ਸਿੰਘ ਦੀਆਂ ਗਲਤ ਤੇ ਭੜਕਾਊ ਟਿੱਪਣੀਆਂ ਨਾਲ ਬੇਵਜ੍ਹਾ ਵਿਵਾਦ ਪੈਦਾ ਹੋ ਗਿਆ ਹੈ ਤੇ ਇਹ ਪੰਜਾਬ ਨੂੰ ਅਸ਼ਾਂਤ ਕਰਨ ਦੀਆਂ ਸਾਜ਼ਿਸ਼ਾਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ ਅਧਿਕਾਰੀਆਂ ਤੇ ਸਰਕਾਰ ਨੂੰ ਅਜਿਹੀਆਂ ਫੁੱਟ ਪਾਉਣ ਵਾਲੀਆਂ ਤਾਕਤਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਵਲੋਂ ਪੰਜਾਬ, ਕੈਟਾਲੋਨੀਆ ਤੇ ਕਿਊਬਿਕ ਵਰਗੇ ਸਥਾਨਾਂ 'ਤੇ ਸਵੈ-ਨਿਰਣੇ ਨੂੰ ਬੁਨਿਆਦੀ ਹੱਕ ਦੱਸਣ ਵਾਲਾ ਬਿਆਨ ਸਿੱਧੇ ਤੌਰ 'ਤੇ ਪੰਜਾਬ ਵਿਚ ਹਿੰਸਾ ਫੈਲਾਉਣ ਦਾ ਇਰਾਦਾ ਪ੍ਰਗਟ ਕਰਦਾ ਹੈ ਪਰ ਪੰਜਾਬ ਵਿਚ ਕਾਂਗਰਸ ਸਰਕਾਰ ਕਿਸੇ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਚਹੁੰ-ਪੱਖੀ ਵਿਕਾਸ ਦੇ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜਗਮੀਤ ਸਿੰਘ ਸਿੱਖ ਭਾਈਚਾਰੇ ਵਿਚ ਨਕਾਰਾਤਮਕ ਸੋਚ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਨ. ਡੀ. ਪੀ. ਦਾ ਖੁਦ ਹੀ ਬਣਿਆ ਆਗੂ ਆਪਣੇ ਨਾਪਾਕ ਇਰਾਦਿਆਂ ਵਿਚ ਕਦੀ ਸਫਲ ਨਹੀਂ ਹੋਵੇਗਾ, ਕਿਉਂਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਤੇ ਸਥਿਰਤਾ ਨਾਲ ਰਹਿਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਸਿੱਖ ਭਾਈਚਾਰੇ ਵਲੋਂ ਸੂਬੇ ਦੇ ਵਿਕਾਸ 'ਚ ਪਾਏ ਗਏ ਯੋਗਦਾਨ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਤੇ ਪ੍ਰਾਪਤੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕੁਝ ਮੁੱਠੀ ਭਰ ਫੁੱਟ ਪਾਉਣ ਵਾਲੀਆਂ ਤਾਕਤਾਂ ਸਿੱਖ ਕੌਮ ਦੀਆਂ ਪ੍ਰਾਪਤੀਆਂ ਨੂੰ ਘਟਾ ਨਹੀਂ ਸਕਦੀਆਂ। 'ਸਿੱਖ ਫਾਰ ਜਸਟਿਸ' ਵਲੋਂ ਹਾਲ ਹੀ ਵਿਚ 'ਖਾਲਿਸਤਾਨ 2020 ਰਿਫਰੈਂਡਮ' ਰਾਹੀਂ ਪੰਜਾਬ ਵਿਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬੀਆਂ ਵਲੋਂ ਉਸਨੂੰ ਨਕਾਰ ਦਿੱਤਾ ਗਿਆ ਸੀ। ਜਗਮੀਤ ਸਿੰਘ ਨੇ ਇਸੇ ਤਰ੍ਹਾਂ ਦੇ ਆਪਣੇ ਬਿਆਨ ਵਿਚ ਸਵੈ-ਨਿਰਣੇ ਦੀ ਗੱਲ ਕਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐੱਨ. ਡੀ. ਪੀ. ਦੇ ਆਗੂ ਵੀ ਆਪਣੀਆਂ ਕੋਸ਼ਿਸ਼ਾਂ ਵਿਚ ਸਫਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਗਮੀਤ ਦੀ ਪੰਜਾਬ ਵਿਰੋਧੀ ਟਿੱਪਣੀ ਭਾਰਤ ਦੇ ਖਿਲਾਫ ਸਾਜ਼ਿਸ਼ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡਾ ਸਰਕਾਰ ਇਸ ਸਬੰਧੀ ਢੁਕਵੇਂ ਕਦਮ ਚੁੱਕੇਗੀ। ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਅਪੀਲ ਕੀਤੀ ਕਿ ਉਹ ਆਪਣੀ ਧਰਤੀ 'ਤੇ ਜਗਮੀਤ ਨੂੰ ਭਾਰਤ ਦੀ ਏਕਤਾ ਤੇ ਅਖੰਡਤਾ ਬਾਰੇ ਅਜਿਹੀਆਂ ਟਿੱਪਣੀਆਂ ਕਰਨ ਦੀ ਇਜਾਜ਼ਤ ਨਾ ਦੇਵੇ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਹੋਵੇ।
