ਇਨ੍ਹਾਂ 4 ਮੰਤਰੀਆਂ ਨੂੰ ਕੈਪਟਨ ਨੇ ਬਣਾਇਆ ਤਾਕਤਵਰ

06/07/2019 1:52:00 PM

ਜਲੰਧਰ (ਧਵਨ) : ਪੰਜਾਬ ਮੰਤਰੀ ਮੰਡਲ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਦੇ ਵਿਭਾਗਾਂ 'ਚ ਕੀਤੇ ਗਏ ਫੇਰਬਦਲ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਰਜ਼ੀਆ ਸੁਲਤਾਨਾ, ਬਲਬੀਰ ਸਿੰਘ ਸਿੱਧੂ ਅਤੇ ਸੁੱਖ ਸਰਕਾਰੀਆ ਨੂੰ ਤਾਕਤਵਰ ਬਣਾਇਆ ਗਿਆ ਹੈ, ਜਦੋਂਕਿ ਨਵਜੋਤ ਸਿੱਧੂ ਤੋਂ ਇਲਾਵਾ ਅਰੁਣਾ ਚੌਧਰੀ ਦਾ ਵੀ ਕੱਦ ਘਟਿਆ ਹੈ।

* ਬ੍ਰਹਮ ਮਹਿੰਦਰਾ ਨੂੰ ਲੋਕਲ ਬਾਡੀਜ਼ ਵਿਭਾਗ ਇਸ ਲਈ ਵੀ ਸੌਂਪਿਆ ਗਿਆ ਹੈ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਇਲਾਕਿਆਂ 'ਚ ਕਾਂਗਰਸ ਨੂੰ ਘੱਟ ਵੋਟਾਂ ਮਿਲੀਆਂ ਸਨ। ਮੁੱਖ ਮੰਤਰੀ ਨੇ ਖੁਦ ਇਹ ਮੰਨਿਆ ਸੀ ਕਿ ਸ਼ਹਿਰੀ ਇਲਾਕਿਆਂ 'ਚ ਕਾਂਗਰਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ, ਇਸ ਲਈ ਹਿੰਦੂ ਕੈਬਨਿਟ ਮੰਤਰੀ ਨੂੰ ਅੱਗੇ ਲਿਆਉਂਦਿਆਂ ਹੋਏ ਲੋਕਲ ਬਾਡੀਜ਼ ਵਿਭਾਗ ਜਿਹਾ ਸ਼ਕਤੀਸ਼ਾਲੀ ਮਹਿਕਮਾ ਸੌਂਪ ਦਿੱਤਾ ਗਿਆ ਹੈ।

 

ਇਸੇ ਤਰ੍ਹਾਂ ਰਜ਼ੀਆ ਸੁਲਤਾਨਾ ਦੇ ਪ੍ਰਦਰਸ਼ਨ ਤੋਂ ਮੁੱਖ ਮੰਤਰੀ ਪ੍ਰਭਾਵਿਤ ਹੋਏ। ਉਨ੍ਹਾਂ ਸੰਗਰੂਰ ਸੀਟ 'ਚ ਆਪਣੇ ਮਾਲੇਰਕੋਟਲਾ ਵਿਧਾਨ ਸਭਾ ਹਲਕੇ 'ਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 13 ਹਜ਼ਾਰ ਤੋਂ ਵੀ ਵੱਧ ਵੋਟਾਂ ਦੀ ਸ਼ਾਨਦਾਰ ਲੀਡ ਦਿਵਾਈ ਸੀ। ਇਸ ਲਈ ਰਜ਼ੀਆ ਨੂੰ ਪੁਰਾਣੇ ਵਿਭਾਗ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਨਾਲ-ਨਾਲ ਟਰਾਂਸਪੋਰਟ ਜਿਹਾ ਅਹਿਮ ਵਿਭਾਗ ਵੀ ਦੇ ਦਿੱਤਾ ਗਿਆ ਹੈ। 

ਬਲਬੀਰ ਸਿੱਧੂ ਨੇ ਪਸ਼ੂ ਪਾਲਣ ਵਿਭਾਗ ਵਿਚ ਬਿਹਤਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਲੋਕ ਸਭਾ ਚੋਣਾਂ 'ਚ ਵੀ ਉਸ ਦਾ ਆਪਣੇ ਵਿਧਾਨ ਸਭਾ ਹਲਕੇ 'ਚ ਪ੍ਰਦਰਸ਼ਨ ਵਧੀਆ ਰਿਹਾ, ਇਸ ਲਈ ਬਲਬੀਰ ਸਿੱਧੂ ਨੂੰ ਸਿਹਤ ਵਿਭਾਗ ਜਿਹਾ ਅਹਿਮ ਵਿਭਾਗ ਦੇ ਕੇ ਉਨ੍ਹਾਂ ਦਾ ਕੱਦ ਵਧਾਇਆ ਗਿਆ ਹੈ। 

ਸੁੱਖ ਸਰਕਾਰੀਆ ਕੋਲੋਂ ਭਾਵੇਂ ਮਾਲੀਆ ਵਿਭਾਗ ਵਾਪਸ ਲਿਆ ਗਿਆ ਹੈ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਮਾਈਨਿੰਗ, ਜਲ ਸੋਮੇ ਵਿਭਾਗਾਂ ਦੇ ਨਾਲ ਸ਼ਹਿਰੀ ਵਿਕਾਸ ਅਤੇ ਅਵਾਸ ਵਿਭਾਗ ਵੀ ਦੇ ਦਿੱਤਾ ਗਿਆ ਹੈ। ਇਸ ਕਾਰਨ ਸਰਕਾਰੀਆ ਦਾ ਵੀ ਕੱਦ ਵਧਿਆ ਹੈ।
ਦੂਜੇ ਪਾਸੇ ਗੁਰਦਾਸਪੁਰ ਲੋਕ ਸਭਾ ਸੀਟ 'ਚ ਪੈਂਦੇ ਦੀਨਾਨਗਰ ਖੇਤਰ 'ਚ ਕੈਬਨਿਟ ਮੰਤਰੀ ਅਰੁਣਾ ਚੌਧਰੀ, ਕਾਂਗਰਸ ਉਮੀਦਵਾਰ ਅਤੇ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੂੰ ਲੀਡ ਨਹੀਂ ਦਿਵਾ ਸਕੀ, ਉਲਟਾ ਉਹ ਆਪਣੇ ਵਿਧਾਨ ਸਭਾ ਹਲਕੇ 'ਚ 20,523 ਵੋਟਾਂ ਨਾਲ ਪਿੱਛੇ ਰਹਿ ਗਈ, ਇਸ ਲਈ ਮੁੱਖ ਮੰਤਰੀ ਨੇ ਉਨ੍ਹਾਂ ਕੋਲੋਂ ਟਰਾਂਸਪੋਰਟ ਵਿਭਾਗ ਵਾਪਸ ਲੈਂਦਿਆਂ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਅਤੇ ਮਹਿਲਾ ਕਲਿਆਣ ਵਿਭਾਗ ਦੇ ਦਿੱਤਾ। ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿੱਖਿਆ ਵਿਭਾਗ ਵਿਚ ਮਹੱਤਵਪੂਰਨ ਕੰਮ ਕੀਤੇ ਸਨ ਪਰ ਉਸ ਦੇ ਬਾਵਜੂਦ ਉਨ੍ਹਾਂ ਕੋਲੋਂ ਸਿੱਖਿਆ ਵਿਭਾਗ ਵਾਪਸ ਲੈਂਦਿਆਂ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਿਦੱਤਾ ਗਿਆ। ਇਸੇ ਤਰ੍ਹਾਂ ਕੁਝ ਹੋਰ ਮੰਤਰੀਆਂ ਦੇ ਵਿਭਾਗਾਂ ਨੂੰ ਵੀ ਹਿਲਾਇਆ ਗਿਆ ਹੈ। ਕੁਲ ਮਿਲਾ ਕੇ ਹੋਰ ਮੰਤਰੀਆਂ ਦੇ ਵਿਭਾਗਾਂ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।


Anuradha

Content Editor

Related News