ਸੰਨੀ ਦਿਓਲ ਦੇ ਚੋਣ ਮੈਦਾਨ ''ਚ ਉਤਰਨ ''ਤੇ ਸੁਣੋ ਕੈਪਟਨ ਦਾ ਬਿਆਨ

05/02/2019 2:13:18 PM

ਜਲੰਧਰ : ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਖੜ ਲੋਕ ਸਭਾ ਚੋਣਾਂ ਸ਼ਾਨ ਨਾਲ ਜਿੱਤ ਜਾਣਗੇ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਸਿਆਸੀ ਪਾਰਟੀ ਕਿਵੇਂ ਇਹ ਸੋਚ ਕੇ ਕਿਸੇ ਵਿਅਕਤੀ ਨੂੰ ਟਿਕਟ ਦੇ ਦਿੰਦੀ ਹੈ, ਜੋ ਸਿਆਸਤ ਲਈ ਗੰਭੀਰ ਨਹੀਂ ਹੈ। 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ 'ਨੇਤਾ ਜੀ ਸਤਿ ਸ੍ਰੀ ਅਕਾਲ' ਪ੍ਰੋਗਰਾਮ 'ਚ ਕੈਪਟਨ ਨੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ। 

ਸ : ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ। ਕੀ ਮਾਹੌਲ ਹੈ? ਕਾਂਗਰਸ ਕਿੰਨੀਆਂ ਸੀਟਾਂ ਜਿੱਤੇਗੀ?
ਜ : ਅਸੀਂ ਕਲੀਨ ਸਵੀਪ ਕਰਾਂਗੇ। ਪੰਜਾਬ ਦੀਆਂ ਸਭ ਸੀਟਾਂ ਜਿੱਤਾਂਗੇ। ਗੁਰਦਾਸਪੁਰ 'ਚ ਭਾਜਪਾ ਨੇ ਸੰਨੀ ਦਿਓਲ ਨੂੰ ਉਤਾਰਿਆ ਪਰ ਉਹ ਟੁੱਟੀ-ਭੱਜੀ ਗੱਲਬਾਤ ਕਰ ਕੇ ਮੁੜ ਮੁੰਬਈ ਚਲਾ ਗਿਆ। ਇਥੇ ਇਹ ਬੋਲ ਕੇ ਗਿਆ ਕਿ ਮੈਂ ਉਥੋਂ ਦਾ ਨਾਗਰਿਕ ਹਾਂ। ਇਸ ਲਈ ਮੈਨੂੰ ਵੋਟ ਪਾਉਣੀ ਜ਼ਰੂਰੀ ਹੈ। ਜੇ ਉਥੋਂ ਦੇ ਨਾਗਰਿਕ ਹੋ ਤਾਂ ਉਥੇ ਹੀ ਰਹੋ ਨਾ। ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਸਿਆਸੀ ਪਾਰਟੀ ਕਿਵੇਂ ਇਹ ਸੋਚ ਕੇ ਕਿਸੇ ਵਿਅਕਤੀ ਨੂੰ ਟਿਕਟ ਦੇ ਦਿੰਦੀ ਹੈ, ਜੋ ਸਿਆਸਤ ਲਈ ਗੰਭੀਰ ਨਹੀਂ ਹੈ।

ਸ : ਕੀ ਸੰਨੀ ਦਿਓਲ ਦੇ ਆਉਣ ਨਾਲ ਸੁਨੀਲ ਜਾਖੜ ਦਾ ਰਾਹ ਔਖਾ ਹੋਇਆ ਹੈ?
ਜ : ਨਹੀਂ, ਬਿਲਕੁਲ ਨਹੀਂ। ਇਸੇ ਸੀਟ 'ਤੇ ਪਹਿਲਾਂ ਵਿਨੋਦ ਖੰਨਾ ਜਿੱਤਦੇ ਸਨ ਪਰ ਉਹ ਪੁਰਾਣੀ ਗੱਲ ਹੋ ਗਈ ਹੈ। ਹੁਣ ਸਮਾਂ ਬਦਲ ਚੁੱਕਾ ਹੈ। ਬਹੁਤ ਸਾਰੇ ਚੈਨਲ ਹਨ। ਸੋਸ਼ਲ ਮੀਡੀਆ ਹੈ। ਲੋਕ ਇਸ ਨੂੰ ਵੇਖ ਰਹੇ ਹਨ। ਸੰਨੀ ਦਿਓਲ ਕੋਲ ਕੋਈ ਮੁੱਦਾ ਨਹੀਂ। ਉਸ ਨੇ ਸਿਰਫ 2 ਮਿੰਟ ਭਾਸ਼ਣ ਕੀਤਾ। ਉਹ ਕੀ ਭਾਸ਼ਣ ਸੀ, ਉਸ ਨੂੰ ਕੁਝ ਪਤਾ ਨਹੀਂ ਕਿ ਉਹ ਕੀ ਕਰੇਗਾ? ਕੀ ਉਹ ਇਥੇ ਰਹੇਗਾ?

ਸ : ਕਾਂਗਰਸ 'ਚ ਫੁੱਟ ਕਾਰਨ ਬਠਿੰਡਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿਚ ਬਹੁਤ ਕੁਝ ਦਾਅ 'ਤੇ ਲੱਗਾ ਹੈ?
ਜ : ਅਸੀਂ ਤਿੰਨੋਂ ਸੀਟਾਂ ਜਿੱਤਾਂਗੇ। ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਦੀ ਵਿਰੋਧਤਾ ਨਹੀਂ ਕਰ ਰਹੇ। ਉਹ ਸਰਗਰਮੀ ਨਾਲ ਕੰਮ ਕਰਨ ਜਾਂ ਨਾ ਕਰਨ, ਇਹ ਵੱਖਰੀ ਗੱਲ ਹੈ ਪਰ ਕੋਈ ਵਿਰੋਧ ਨਹੀਂ ਕਰ ਰਿਹਾ। ਇਸੇ ਤਰ੍ਹਾਂ ਫਿਰੋਜ਼ਪੁਰ ਵਿਚ ਸਭ ਨਾਲ-ਨਾਲ ਚੱਲ ਰਹੇ ਹਨ। ਮੈਂ ਬਠਿੰਡਾ ਵਿਖੇ ਵੀ ਹੋ ਕੇ ਆਇਆ ਹਾਂ। ਸਭ ਕੁਝ ਵਧੀਆ ਹੈ। ਸਾਨੂੰ ਕਿਸੇ ਗੱਲ ਦਾ ਕੋਈ ਫਰਕ ਨਹੀਂ।

ਸ : ਟਿਕਟਾਂ ਨਾ ਮਿਲਣ ਕਾਰਨ ਕਈ ਸੀਟਾਂ 'ਤੇ ਕਾਂਗਰਸੀ ਨੇਤਾ ਬਗਾਵਤ 'ਤੇ ਉਤਾਰੂ ਹਨ। ਇਸ ਦਾ ਕੀ ਨੁਕਸਾਨ ਹੋਵੇਗਾ?
ਜ : 13 ਸੀਟਾਂ ਲਈ 170 ਆਗੂਆਂ ਨੇ ਅਰਜ਼ੀ ਦਿੱਤੀ ਸੀ। ਟਿਕਟ ਤਾਂ 13 ਨੂੰ ਹੀ ਮਿਲਣੀ ਸੀ। ਇਸ ਲਈ ਬਾਕੀਆਂ ਦਾ ਗੁੱਸਾ ਸੁਭਾਵਿਕ ਹੈ। ਇਹ ਪਾਰਟੀ ਦੀ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਹੈ। ਪੂਰੇ ਨਿਚੋੜ ਤੋਂ ਬਾਅਦ ਹੀ ਫਾਈਨਲ ਉਮੀਦਵਾਰ ਤੈਅ ਕੀਤਾ ਜਾਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੂਜੇ ਜਾਂ ਤੀਜੇ ਨੰਬਰ ਦਾ ਦਾਅਵੇਦਾਰ ਮਾੜਾ ਹੈ।

ਸ : ਉਮੀਦਵਾਰ ਚੁਣਨ ਦਾ ਪੈਮਾਨਾ ਕੀ ਸੀ?
ਜ : ਜ਼ਿਲਾ ਪੱਧਰ 'ਤੇ, ਸੂਬਾ ਪੱਧਰ 'ਤੇ ਅਤੇ ਸਿਲੈਕਟ ਕਮੇਟੀ ਦੇ ਪੱਧਰ 'ਤੇ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਹੋਈ। ਇਸ ਦੀਆਂ 3-3 ਬੈਠਕਾਂ ਹੋਈਆਂ। ਉਸ ਤੋਂ ਬਾਅਦ ਮਾਮਲਾ ਕਾਂਗਰਸ ਦੀ ਕੇਂਦਰੀ ਕਮੇਟੀ ਕੋਲ ਗਿਆ। ਕਈ ਮਾਮਲਿਆਂ ਵਿਚ ਤਾਂ ਮੈਂ ਕਿਸੇ ਹੋਰ ਨੇਤਾ ਨੂੰ ਟਿਕਟ ਦੇਣੀ ਚਾਹੁੰਦਾ ਸੀ ਪਰ ਟਿਕਟ ਕਿਸੇ ਹੋਰ ਨੂੰ ਮਿਲ ਗਈ। ਜਦੋਂ ਇਕ ਵਾਰ ਟਿਕਟ ਫਾਈਨਲ ਹੋ ਜਾਵੇ ਤਾਂ ਸਭ ਲੜਾਈਆਂ ਬੰਦ ਹੋ ਜਾਂਦੀਆਂ ਹਨ। ਫਿਰ ਸਭ ਇਕਮੁੱਠ ਹੋ ਕੇ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਦੇ ਹਨ।

ਸ : ਪਾਰਟੀ ਦੇ ਵਿਧਾਇਕਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਕੀ ਉਮੀਦਵਾਰਾਂ ਦਾ ਸੰਕਟ ਚੱਲ ਰਿਹਾ ਸੀ?
ਜ : ਕੁਝ ਨੇਤਾ ਕੌਮੀ ਪੱਧਰ ਦੀ ਸਿਆਸਤ ਕਰਨੀ ਚਾਹੁੰਦੇ ਹਨ। ਇਸ ਕਾਰਨ ਉਨ੍ਹਾਂ ਟਿਕਟ ਲਈ ਅਰਜ਼ੀ ਦਿੱਤੀ। ਮੇਰੀ ਸੋਚ ਵੱਖ ਹੈ। ਮੈਂ ਦੋ ਵਾਰ ਐੱਮ. ਪੀ. ਬਣਿਆ ਪਰ ਮੈਨੂੰ ਕੌਮੀ ਸਿਆਸਤ ਰਾਸ ਨਹੀਂ ਆਈ। ਮੈਂ ਸੂਬੇ ਵਿਚ ਹੀ ਰਹਿਣ ਦਾ ਇੱਛੁਕ ਹਾਂ। ਇਨ੍ਹਾਂ ਵਿਧਾਇਕਾਂ ਨੂੰ ਪਾਰਟੀ ਨੇ ਇਸ ਲਈ ਮੈਦਾਨ ਵਿਚ ਉਤਾਰਿਆ ਕਿਉਂਕਿ ਪਾਰਟੀ ਨੂੰ ਲੱਗ ਰਿਹਾ ਹੈ ਕਿ ਉਕਤ ਉਮੀਦਵਾਰ ਚੋਣ ਜਿੱਤ ਜਾਣਗੇ।

ਸ : ਸੁਖਬੀਰ ਵਲੋਂ ਫਿਰੋਜ਼ਪੁਰ ਸੀਟ ਤੋਂ ਮੈਦਾਨ ਵਿਚ ਉਤਰਨ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਜ : ਇਹ ਗਲਤ ਫੈਸਲਾ ਹੈ ਪਰ ਸਾਡੇ ਲਈ ਤਾਂ ਚੰਗਾ ਹੈ। ਸੁਖਬੀਰ ਮੈਦਾਨ ਵਿਚ ਹੈ ਅਤੇ ਅਸੀਂ ਉਸ ਨੂੰ ਫਿਰੋਜ਼ਪੁਰ ਵਿਚ ਹਰਾਵਾਂਗੇ। ਮੈਨੂੰ ਸਮਝ ਨਹੀਂ ਆਉਂਦੀ ਕਿ ਬਤੌਰ ਪਾਰਟੀ ਪ੍ਰਧਾਨ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਰਨ ਦਾ ਕੀ ਲਾਭ ਹੈ। ਜੇ ਮੈਂ ਸੁਖਬੀਰ ਦੀ ਥਾਂ ਹੁੰਦਾ ਤਾਂ ਆਪਣੀ ਭੈਣ ਨੂੰ ਫਿਰੋਜ਼ਪੁਰ ਤੋਂ ਮੈਦਾਨ ਵਿਚ ਉਤਾਰਦਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬਠਿੰਡਾ ਤੋਂ ਖੜ੍ਹਾ ਕਰਦਾ। ਖੁਦ ਪੂਰੇ ਪੰਜਾਬ ਵਿਚ ਪ੍ਰਚਾਰ ਕਰਦਾ। ਹੁਣ ਪ੍ਰਚਾਰ ਕੌਣ ਕਰੇਗਾ? ਪ੍ਰਕਾਸ਼ ਸਿੰਘ ਬਾਦਲ ਤਾਂ ਪੂਰੇ ਪੰਜਾਬ ਵਿਚ ਚੋਣ ਪ੍ਰਚਾਰ ਨਹੀਂ ਕਰ ਸਕਦੇ। ਸੁਖਬੀਰ ਨੂੰ ਅਸੀਂ ਫਿਰੋਜ਼ਪੁਰ ਵਿਚ ਹੀ ਬੰਨ੍ਹ ਲੈਣਾ ਹੈ। ਉਥੋਂ ਉਸ ਨੂੰ ਨਿਕਲਣ ਨਹੀਂ ਦਿਆਂਗੇ।


Anuradha

Content Editor

Related News