ਮੰਡੀਆਂ ''ਚ ਖੱਜਲ ਹੋ ਰਹੇ ਕਿਸਾਨ, ਸਰਕਾਰ ਦੇ ਮੰਤਰੀ-ਸੰਤਰੀ ਘਰਾਂ ''ਚ ਬੈਠੇ : ਹਰਸਿਮਰਤ

05/04/2020 2:02:29 AM

ਬਰੇਟਾ,(ਬਾਂਸਲ) :  ਪੰਜਾਬ 'ਚ ਕੈਪਟਨ ਸਰਕਾਰ ਦੇ ਰਾਜ 'ਚ ਕਿਸਾਨ ਮੰਡੀਆਂ 'ਚ ਆਪਣੀ ਪੁੱਤਾ ਵਾਂਗ ਪਾਲੀ ਹਾੜੀ ਦੀ ਫਸਲ ਨੂੰ ਵੇਚਣ ਲਈ ਖੱਜਲ ਖੁਆਰ ਹੋ ਰਿਹਾ ਹੈ ਪਰ ਸਰਕਾਰ ਦੇ ਮੰਤਰੀ ਸੰਤਰੀ ਨੁਮਾਇੰਦੇ ਘਰਾਂ ਵਿੱਚ ਬੈਠੇ ਹਨ, ਬਾਹਰ ਨਹੀਂ ਨਿਕਲ ਰਹੇ। ਇਹ ਸ਼ਬਦ ਅੱਜ ਇੱਥੇ ਹਾੜੀ ਦੀ ਫਸਲ ਦੇ ਮਾੜੇ ਖਰੀਦ ਪ੍ਰਬੰਧਾ ਅਤੇ ਕਣਕ ਦਾ ਮੰਡੀਕਰਨ ਸਹੀ ਨਾ ਹੋਣ ਕਾਰਨ ਆੜਤੀਆਂ ਵੱਲੋਂ ਹੜਤਾਲ 'ਤੇ ਜਾਣ ਦੇ ਕੀਤੇ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੋਰੋਨਾ ਵਾਇਰਸ ਦੇ ਇਤਿਆਤ ਨੂੰ ਮੱਦੇਨਜ਼ਰ ਰੱਖਦਿਆਂ ਡਿਸਟੈਂਸ ਦਾ ਪਾਲਣ ਕਰਦਿਆਂ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਰਕਾਰ ਮੰਡੀਆਂ ਦੀ ਸਾਰ ਨਹੀਂ ਲੈ ਰਹੀ, ਮੌਸਮ ਦੀ ਖਰਾਬੀ ਕਾਰਨ ਮੁਸ਼ਕਲਾਂ ਘਿਰੀਆਂ ਹੋਇਆ ਹੈ, ਉੱਥੇ ਕਰਜ਼ੇ ਦੀ ਮਾਰ ਹੇਠ ਦੱਬਿਆ ਕਿਸਾਨ ਮੰਡੀਆਂ 'ਚ ਖੱਜਲ-ਖੁਆਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਮੰਡੀਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਕਿਤੇ ਵੀ ਕੋਈ ਪ੍ਰਬੰਧ, ਸੈਨੀਟਾਇਜ਼ਰ, ਮਾਸਕ ਦਾ ਪ੍ਰਬੰਧ ਨਹੀਂ ਹੈ। ਉੱਥੇ ਖਰੀਦ ਦਾ ਪ੍ਰਬੰਧ ਨਾ ਹੋਣ ਕਾਰਨ ਆੜਤੀਆਂ ਨੂੰ ਮਜ਼ਬੂਰਨ ਹੜਤਾਲ ਤੇ ਜਾਣਾ ਪਿਆ। ਇਸ ਮੌਕੇ 'ਤੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਣਕ ਦੀ ਖਰੀਦ ਸੰਬੰਧੀ ਕੈਪਟਨ ਸਰਕਾਰ ਤੋਂ 15 ਕੰਟੇਨਰ ਬਾਰਦਾਨੇ ਦੀ ਮੰਗ ਕੀਤੀ ਗਈ ਅਤੇ ਮਾਰਕਫੈਡ ਦੇ ਸੀਨੀਅਰ ਅਫਸਰਾਂ ਨਾਲ ਮੌਕੇ 'ਤੇ ਗੱਲਬਾਤ ਕਰਦਿਆਂ ਹਦਾਇਤ ਦਿੱਤੀ ਗਈ ਕਿ ਉਹ ਇਸ ਪਾਸੇ ਵੱਲ ਫੋਰੀ ਧਿਆਨ ਦੇਣ। ਇਸ ਮੌਕੇ 'ਤੇ ਉਨ੍ਹਾਂ ਮਾਰਕਿਟ ਕਮੇਟੀ ਦੇ ਸਕੱਤਰ ਦੀ ਮਾੜੇ ਖਰੀਦ ਪ੍ਰਬੰਧਾਂ ਸੰਬੰਧੀ ਖਿਚਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ 'ਚ ਅਫਸਰਸ਼ਾਹੀ ਦਾ ਬੋਲਬਾਲਾ ਹੈ ਅਤੇ ਸਰਕਾਰ ਨੂੰ ਅਫਸਰਸ਼ਾਹੀ ਹੀ ਚਲਾ ਰਹੀ ਹੈ। ਇਸ ਮੌਕੇ 'ਤੇ ਆੜਤੀਆਂ ਐਸ਼ੋਸ਼ੀਏਸ਼ਨ ਨਾਲ ਵੀ ਮੁਲਾਕਾਤ ਕੀਤੀ ਗਈ।

ਇਸ ਮੌਕੇ ਬੀਬਾ ਬਾਦਲ ਵੱਲੋਂ ਮੰਡੀਆਂ 'ਚ ਕਿਸਾਨਾਂ ਨੂੰ ਸੈਨੀਟਾਇਜ਼ ਅਤੇ ਮਾਸਕ ਵੀ ਵੰਡੇ ਗਏੇ। ਬੀਬਾ ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਜੰਗ ਨਾਲ ਲਈ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦੀ ਲਗਾਤਾਰ ਮਦਦ ਕਰਦੀ ਆ ਰਹੀ ਹੈ ਅਤੇ ਪੰਜਾਬ ਦੇ ਹਰੇਕ ਲੋੜਵੰਦ ਲੋਕਾਂ ਲਈ ਰਾਸ਼ਨ ਭੇਜ ਚੁੱਕਿਆ ਹੈ, ਜੋ ਡੇਢ ਕਰੋੜ ਦੀ ਆਬਾਦੀ ਲਈ ਹੈ। ਜਿਸ 'ਚ ਹਰ ਵਿਅਕਤੀ ਨੂੰ 1 ਕਿੱਲੋ ਦਾਲ ਅਤੇ 5 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ 70 ਹਜ਼ਾਰ ਮੀਟਰਕ ਟਨ ਦਾਲ, ਕਣਕ ਕੇਂਦਰ ਦੇ ਭੰਡਾਰ 'ਚੋਂ ਚੁੱਕ ਲਈ ਗਈ ਹੈ ਪਰ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ। ਰਾਸ਼ਨ ਅਜੇ ਤੱਕ ਪ੍ਰਾਪਤ ਨਹੀਂ ਹੋਇਆ, ਉਹ ਕਿੱਥੇ ਗਿਆ, ਘਪਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸੰਬੰਧੀ ਉਹ ਪ੍ਰਧਾਨ ਮੰਤਰੀ ਨੂੰ ਵੀ ਮਿਲਣਗੇ। ਅੱਜ ਹਰ ਘਰ 'ਚ ਲੋੜਵੰਦਾਂ ਲਈ ਭੁੱਖਮਰੀ ਮਚੀ ਹੋਈ ਹੈ ਪਰ ਕੇਂਦਰ ਦੀ ਸਰਕਾਰ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਸਮੇ ਸਿਰ ਰਾਸ਼ਣ ਤਾਂ ਭੇਜ ਦਿੱਤਾ ਪਰ ਲੋਕਾਂ ਕੋਲ ਰਾਸ਼ਨ ਨਾ ਜਾਣ ਕਾਰਨ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀਆਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਜਿਸ ਨਾਲ ਕੁਝ ਰਾਹਤ ਮਿਲੀ। ਇਨ੍ਹਾਂ ਲੋਕਾਂ ਦਾ ਸ਼ੁਕਰਾਨਾ ਕਰਨ ਲਈ ਅੱਜ ਵਿਸ਼ੇਸ਼ ਤੌਰ 'ਤੇ ਇੱਥੇ ਆਈ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਕੋਰੋਨਾ ਵਾਇਰਸ ਦੇ ਮਾਮਲੇ 'ਚ ਬੁਰੀ ਤਰ੍ਹਾ ਫੇਲ੍ਹ ਸਾਬਤ ਹੋ ਗਈ ਹੈ ਕਿਉਂਕਿ ਪੰਜਾਬ ਵਿੱਚ ਸਭ ਤੋਂ ਵੱਧ ਮੌਤ ਦਰ ਹੋਣ ਕਾਰਨ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲ ਚੁੱਕੀ ਹੈ। ਉਨ੍ਹਾਂ ਨਾਂਦੇੜ ਸਾਹਿਬ ਤੋਂ ਆਏ ਸਰਧਾਲੂਆਂ ਬਾਰੇ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਸੀ ਕਿ ਪਹਿਲਾ ਉਨ੍ਹਾਂ ਦੀ ਜਾਂਚ ਕਰੇ ਫਿਰ ਉਨ੍ਹਾਂ ਨੂੰ ਘਰ ਭੇਜੇ ਪਰ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਇਨ੍ਹਾਂ ਮਰੀਜ਼ਾਂ ਦੀ ਦੇਖਭਾਲ ਨਹੀਂ ਕਰਦੀ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ 'ਤੇ ਮਰੀਜ਼ਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਖੁਦ ਚੁੱਕੇਗੀ।


Deepak Kumar

Content Editor

Related News