ਕੈਂਟਰ ਚਾਲਕ ਵੱਲੋਂ ਪਿੱਛਿਓਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Sunday, Oct 17, 2021 - 05:20 PM (IST)
ਨੂਰਪੁਰਬੇਦੀ (ਭੰਡਾਰੀ) : ਬੀਤੀ ਦੇਰ ਰਾਤ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪਿੰਡ ਔਲਖ ਨੇੜੇ ਇਕ ਕੈਂਟਰ ਵਲੋਂ ਮੋਟਰਸਾਈਕਲ ਨੂੰ ਪਿੱਛਿਓਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਉਰਫ਼ ਪੱਪੀ ਪੁੱਤਰ ਚਰਨ ਸਿੰਘ ਨਿਵਾਸੀ ਪਿੰਡ ਬੜਵਾ ਵਜੋਂ ਹੋਈ ਹੈ। ਮ੍ਰਿਤਕ ਰਵਿੰਦਰ ਸਿੰਘ ਦੇ ਪਿਤਾ ਚਰਨ ਸਿੰਘ ਪੁੱਤਰ ਸਦਾਰਾਮ ਨਿਵਾਸੀ ਪਿੰਡ ਬੜਵਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ ਅਤੇ ਉਸਦਾ ਲੜਕਾ ਪਿੰਡ ਤਖਤਗੜ੍ਹ ਵਿਖੇ ਸਥਿਤ ਦਾਣਾ ਮੰਡੀ ’ਚ ਝੋਨਾ ਵੇਚਣ ਗਏ ਹੋਏ ਸਨ। ਰਾਤ ਕਰੀਬ ਸਾਢੇ 8 ਕੁ ਵਜੇ ਝੋਨਾ ਵੇਚ ਕੇ ਮੇਰਾ ਲੜਕਾ ਰਵਿੰਦਰ ਸਿੰਘ ਮੇਰੇ ਅੱਗੇ-ਅੱਗੇ ਆਪਣੇ ਮੋਟਰਸਾਈਕਲ ’ਤੇ ਘਰ ਵਾਪਿਸ ਪਰਤ ਰਿਹਾ ਸੀ। ਜਦਕਿ ਮੈਂ ਉਸਦੇ ਪਿੱਛੇ-ਪਿੱਛੇ ਆਪਣੀ ਐਕਟਿਵਾ ’ਤੇ ਸੀ। ਅਸੀਂ ਜਦੋਂ ਪਿੰਡ ਔਲਖ ਲਾਗੇ ਗੁੱਗਾ ਮਾਡੀ ਮੰਦਰ ਪਾਸ ਪੁੱਜੇ ਤਾਂ ਸਾਡੇ ਪਿੱਛਿਓਂ ਰੋਪੜ ਦੀ ਸਾਈਡ ਤੋਂ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਆਉਂਦੇ ਇਕ ਕੈਂਟਰ ਚਾਲਕ ਨੰਬਰ ਪੀ ਬੀ 12 ਕੇ 8970 ਨੇ ਬਿਨਾਂ ਹਾਰਨ ਦਿੱਤੇ ਮੇਰੇ ਲੜਕੇ ਦੇ ਮੋਟਰਸਾਈਕਲ ’ਚ ਕੈਂਟਰ ਮਾਰਿਆ।
ਇਸ ’ਤੇ ਮੇਰੇ ਲੜਕੇ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਮੈਂ ਉਸੇ ਵਕਤ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲੈ ਗਿਆ ਪਰ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਏ.ਐੱਸ.ਆਈ. ਰਾਮ ਕੁਮਾਰ ਨੇ ਦੱਸਿਆ ਕਿ ਕੈਂਟਰ ਚਾਲਕ ਜਿਸਦੀ ਪਛਾਣ ਕੁਲਦੀਪ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਪਿੰਡ ਸਿੰਬਲ ਮਾਜਰਾ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ ਖਿਲਾਫ਼ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।