ਕੈਂਟਰ ਨੇ ਸੜਕ ਕੰਢੇ ਖੜ੍ਹੀ ਬਲੈਰੋ ਗੱਡੀ ਨੂੰ ਮਾਰੀ ਟੱਕਰ, 1 ਦੀ ਮੌਤ

Wednesday, May 10, 2023 - 05:57 PM (IST)

ਕੈਂਟਰ ਨੇ ਸੜਕ ਕੰਢੇ ਖੜ੍ਹੀ ਬਲੈਰੋ ਗੱਡੀ ਨੂੰ ਮਾਰੀ ਟੱਕਰ, 1 ਦੀ ਮੌਤ

ਭਵਾਨੀਗੜ੍ਹ (ਵਿਕਾਸ) : ਬੀਤੀ ਰਾਤ ਭਵਾਨੀਗੜ੍ਹ-ਸੁਨਾਮ ਰੋਡ ’ਤੇ ਪਿੰਡ ਸਜੂੰਮਾ ਨੇੜੇ ਬੋਲੈਰੋ ਪਿੱਕਅਪ ਅਤੇ ਇਕ ਕੈਂਟਰ ਵਿਚਕਾਰ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਮਾਲਟਾ ਰਾਮ ਵਾਸੀ ਪਾਤੜਾ ਨੇ ਪੁਲਸ ਨੂੰ ਦੱਸਿਆ ਕਿ ਲੰਘੀ ਰਾਤ ਉਸਦਾ ਭਰਾ ਬੌਬੀ ਆਪਣੇ ਸਾਥੀ ਅਜੈ ਨਾਲ ਬਲੈਰੋ ਪਿੱਕਅਪ ਗੱਡੀ ’ਚ ਖਰਾਬ ਫਰਿੱਜ ਲੈ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਸੁਨਾਮ ਮੁੱਖ ਸੜਕ ’ਤੇ ਪਿੰਡ ਸਜੂੰਮਾ ਨੇੜੇ ਸਥਿਤ ਪੈਟਰੋਲ ਪੰਪ ਕੋਲ ਅਚਾਨਕ ਇਨ੍ਹਾਂ ਦੀ ਬਲੈਰੋ ਗੱਡੀ ਬੰਦ ਹੋ ਕੇ ਖੜ੍ਹ ਗਈ ਤਾਂ ਜਦੋਂ ਬੌਬੀ ਸੜਕ ਕੰਢੇ ਲਗਾ ਕੇ ਆਪਣੀ ਗੱਡੀ ਚੈੱਕ ਕਰ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕੈਂਟਰ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਆਪਣਾ ਕੈਂਟਰ ਬਲੈਰੋ ਗੱਡੀ ’ਚ ਲਿਆ ਮਾਰਿਆ। ਘਟਨਾ ਦੌਰਾਨ ਬੌਬੀ ਬਲੈਰੋ ਗੱਡੀ ਦੀ ਲਪੇਟ ’ਚ ਆ ਗਿਆ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ।

ਉੱਧਰ, ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਭੱਜ ਗਿਆ। ਘਟਨਾ ਸਬੰਧੀ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਗੁਰਮੀਤ ਸਿੰਘ ਦੇ ਬਿਆਨਾਂ ’ਤੇ ਕੈਂਟਰ ਚਾਲਕ ਸੰਦੀਪ ਸਿੰਘ ਵਾਸੀ ਬਲੌਗੀ (ਮੋਹਾਲੀ) ਖਿਲਾਫ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News