ਸ਼ਹੀਦ ਸ਼ਰਧਾਲੂਆਂ ਨੂੰ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ

Wednesday, Jul 12, 2017 - 07:53 AM (IST)

ਮੋਗਾ  (ਗੋਪੀ ਰਾਊਕੇ) - ਸ਼੍ਰੀ ਅਮਰਨਾਥ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਉਪਰ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਸ਼ਰਧਾਲੂਆਂ ਦੀ ਜਲਦ ਸਿਹਤਯਾਬੀ ਲਈ ਅੱਜ ਮੋਗਾ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਵੱਲੋਂ ਸਾਂਝੇ ਤੌਰ 'ਤੇ ਕੈਂਡਲ ਮਾਰਚ ਕੱਢਿਆ ਗਿਆ ਅਤੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ। 
ਲਾਇਨਜ਼ ਕਲੱਬ ਮੋਗਾ ਐਕਟਿਵ ਦੇ ਰਿਜਨ ਚੇਅਰਮੈਨ ਲਾਇਨ ਡਾ. ਪਵਨ ਗਰੋਵਰ ਦੀ ਅਗਵਾਈ ਹੇਠ ਕੱਢੇ ਗਏ ਕੈਂਡਲ ਮਾਰਚ 'ਚ ਲਾਇਨਜ਼ ਕਲੱਬ ਮੋਗਾ ਐਕਟਿਵ, ਬਾਬਾ ਬਰਫਾਨੀ ਸੇਵਾ ਮੰਡਲ ਮੋਗਾ, ਕਾਂਵੜ ਸੰਘ ਮੋਗਾ, ਪ੍ਰਮੇਸ਼ਰ ਦੁਆਰ ਸੇਵਾ ਸੁਸਾਇਟੀ, ਪੰਜਾਬ ਮਹਾਵੀਰ ਦਲ, ਕਾਂਵੜ ਸੰਘ ਮੋਗਾ, ਕ੍ਰਿਸ਼ਚੀਅਨ ਭਾਈਚਾਰੇ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਵੱਲੋਂ ਸਥਾਨਕ ਸ਼ਹੀਦੀ ਪਾਰਕ ਵਿਖੇ ਇਕੱਤਰ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸ਼ਰਧਾਲੂਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। 
ਇਸ ਮੌਕੇ ਪੁੱਜੇ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਇਸ ਹਮਲੇ ਦੀ ਜ਼ੋਰਦਾਰ ਸ਼ਬਦਾਂ ਨਾਲ ਨਿੰਦਾ ਕਰਦਿਆਂ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਪੂਰੀ ਦੁਨੀਆ ਵਿਚ ਅੱਤਵਾਦੀਆਂ ਵੱਲੋਂ ਘਿਨਾਉਣੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਤਵਾਦ ਦਾ ਜੜ੍ਹੋਂ ਖ਼ਾਤਮਾ ਹੋਵੇ। ਉਨ੍ਹਾਂ ਸ਼ਹਿਰ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਹਮਲੇ 'ਚ ਸ਼ਹੀਦ ਹੋਏ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਣ 'ਤੇ ਧੰਨਵਾਦ ਕੀਤਾ। 
ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਲਾਇਨਜ਼ ਕਲੱਬ ਦੇ ਰਿਜਨ ਚੇਅਰਮੈਨ ਲਾਇਨ ਪਵਨ ਗਰੋਵਰ, ਬਾਬਾ ਬਰਫਾਨੀ ਸੇਵਾ ਮੰਡਲ ਦੇ ਪ੍ਰਧਾਨ ਚੰਦਰ ਸ਼ੇਖਰ ਸੂਦ, ਲਾਇਨਜ਼ ਕਲੱਬ ਮੋਗਾ ਐਕਟਿਵ ਦੇ ਪ੍ਰਧਾਨ ਲਾਇਨ ਅਨੁਜ ਗੁਪਤਾ, ਮੁਸਲਿਮ ਆਗੂ ਵਾਹਿਦ ਅਲੀ, ਸਰਫਰੋਜ਼ ਭੁੱਟੋ, ਐਡੋਵੇਕਟ ਅਮਿਤ ਘਈ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਲੈਣਾ ਚਾਹੀਦਾ ਹੈ ਕਿਉਂਕਿ ਹਰ ਸਾਲ ਅੱਤਵਾਦੀਆਂ ਵੱਲੋਂ ਸ਼੍ਰੀ ਅਮਰਨਾਥ ਯਾਤਰਾ 'ਤੇ ਜਾਂਦੇ ਸ਼ਰਧਾਲੂਆਂ ਉਪਰ ਹਮਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਹਿੰਸਾ ਦਾ ਪਾਠ ਨਹੀਂ ਪੜ੍ਹਾਉਂਦਾ ਅਤੇ ਜੋ ਲੋਕ ਅਜਿਹੀਆਂ ਘਟੀਆ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ, ਉਨ੍ਹਾਂ ਵਿਰੁੱਧ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। 
ਬੁਲਾਰਿਆਂ ਨੇ ਕਿਹਾ ਕਿ ਹਰੇਕ ਸਾਲ ਅੱਤਵਾਦੀ ਸੰਗਠਨਾਂ ਵੱਲੋਂ ਸ਼੍ਰੀ ਅਮਰਨਾਥ ਯਾਤਰਾ 'ਤੇ ਹਮਲਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਪਰ ਖੁਫੀਆ ਤੰਤਰ ਹੋਣ ਦੇ ਬਾਵਜੂਦ ਵੀ ਬੇਕਸੂਰ ਸ਼ਰਧਾਲੂ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਸਮੂਹ ਲੋਕਾਂ ਨੇ ਮੰਗ ਕੀਤੀ ਕਿ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਅੱਤਵਾਦੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਖਿਲਾਫ ਸਖਤ ਕਾਰਵਾਈ ਕਰੇ।  ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ, ਰਵੀ ਗਰੇਵਾਲ, ਕਾਂਗਰਸੀ ਆਗੂ ਰਾਮਪਾਲ ਧਵਨ, ਮਾਸਟਰ ਅਵਤਾਰ ਸਿੰਘ, ਹਰਜਿੰਦਰ ਸਿੰਘ ਹੈਪੀ, ਰਾਕੇਸ਼ ਸਿਤਾਰਾ, ਲਾਇਨ ਪੰਕਜ ਵਰਮਾ, ਡਾ. ਜੋਨੀ ਤੋਂ ਇਲਾਵਾ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਮੌਜੂਦ ਸਨ। 
ਧਰਮਕੋਟ, (ਸਤੀਸ਼)-ਸ਼੍ਰੀ ਅਮਰਨਾਥ ਯਾਤਰਾ ਦੌਰਾਨ ਬੱਸ 'ਤੇ ਹੋਏ ਅੱਤਵਾਦੀ ਹਮਲੇ ਅਤੇ ਇਸ ਵਿਚ ਮਾਰੇ ਗਏ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗਊਸ਼ਾਲਾ ਗੋਪਾਲ ਗਊਧਾਮ ਦੇ ਪ੍ਰਧਾਨ ਮੁਕੇਸ਼ ਸ਼ਰਮਾ, ਗੁਲਸ਼ਨ ਗੋਇਲ, ਮੰਗਤ ਰਾਮ ਗੋਇਲ ਪ੍ਰਧਾਨ ਹਨੂਮਾਨ ਮੰਦਰ ਕਮੇਟੀ, ਪ੍ਰੀਤਮ ਲਾਲ ਭਾਰਦਵਾਜ ਪ੍ਰਧਾਨ ਹਰੀਨਾਮ ਸੰਕੀਰਤਨ ਮੰਡਲ, ਉਗਰਸੈਨ ਨੌਹਰੀਆ ਪ੍ਰਧਾਨ ਦੁਸਹਿਰਾ ਕਮੇਟੀ, ਸੁਧੀਰ ਕੁਮਾਰ ਗੋਇਲ ਪ੍ਰਧਾਨ ਆੜ੍ਹਤੀਆ ਯੂਨੀਅਨ, ਰਮਨ ਕੁਮਾਰ ਜਿੰਦਲ ਬਾਲਾ ਜੀ ਸੇਵਕ ਦਲ, ਅਤੁਲ ਕੁਮਾਰ ਨੌਹਰੀਆ ਚੇਅਰਮੈਨ ਭਾਰਤ ਵਿਕਾਸ ਪ੍ਰੀਸ਼ਦ, ਵਰਿੰਦਰ ਨੌਹਰੀਆ ਪ੍ਰਧਾਨ ਬਾਬਾ ਗੇਂਦੀ ਰਾਮ ਟਰੱਸਟ, ਬ੍ਰਿਜ ਭੂਸ਼ਨ ਅਗਰਵਾਲ, ਦਰਸ਼ਨ ਲਾਲ ਪੱਬੀ, ਵਿਨੈ ਮੋਗਾ, ਨਿਸ਼ਾਂਤ ਨੌਹਰੀਆ, ਹਰੀਸ਼ ਗਰੋਵਰ, ਕਾਲਾ ਮੋਲੜੀ, ਬਾਬਾ ਅਮਰਨਾਥ ਸੇਵਾ ਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਵੱਡੇ ਦਾਅਵੇ ਕੀਤੇ ਸਨ ਪਰ ਇਸ ਦੇ ਬਾਵਜੂਦ ਵੀ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ 'ਤੇ ਅੱਤਵਾਦੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੀ ਅਮਰਨਾਥ ਯਾਤਰਾ ਲਈ ਕੇਂਦਰ ਸਰਕਾਰ ਪੁਖਤਾ ਇੰਤਜ਼ਾਮ ਕਰੇ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ।
ਮੋਗਾ,  (ਗਰੋਵਰ, ਗੋਪੀ)-ਸ਼ਿਵ ਸੈਨਾ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦਫਤਰ ਤਪਤੇਜ ਸਿੰਘ ਮਾਰਕੀਟ ਵਿਚ ਵਪਾਰ ਸੈੱਲ ਦੇ ਉੱਤਰ ਭਾਰਤ ਪ੍ਰਮੁੱਖ ਨਵਨੀਤ ਕਪੂਰ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਪੂਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੋ ਅੱਤਵਾਦੀਆਂ 'ਤੇ ਨਰਮ ਰੁਖ ਅਪਣਾਇਆ ਹੋਇਆ ਹੈ, ਉਸ ਦੀ ਵਜ੍ਹਾ ਨਾਲ ਸਾਉਣ ਦੇ ਮਹੀਨੇ ਦੇ ਪਹਿਲੇ ਹੀ ਦਿਨ ਹਿੰਦੂ ਸਮੁਦਾਇ 'ਤੇ ਖੂਨੀ ਹਮਲਾ ਕੀਤਾ ਗਿਆ, ਜਿਸ ਨੂੰ ਸ਼ਿਵ ਸੈਨਾ ਪੰਜਾਬ ਸਹਿਣ ਨਹੀਂ ਕਰੇਗੀ। 
ਉਨ੍ਹਾਂ ਕਿਹਾ ਕਿ ਜੇਕਰ ਬੱਸ ਵਿਚ ਬੈਠੇ ਅਮਰਨਾਥ ਯਾਤਰੀਆਂ ਕੋਲ ਕੁਝ ਹਥਿਆਰ ਹੁੰਦੇ ਤਾਂ ਇਨ੍ਹਾਂ ਇਸਲਾਮਿਕ ਲੋਕਾਂ ਨੂੰ ਉਸ ਸਮੇਂ ਸਬਕ ਸਿਖਾ ਦਿੱਤਾ ਹੁੰਦਾ। ਕਪੂਰ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਇਕ ਬਲੀਦਾਨੀ ਜਥਾ ਜਲਦ ਹੀ ਅਨੰਤਨਾਗ ਨੂੰ ਮੋਗਾ ਤੋਂ ਰਵਾਨਾ ਹੋ ਰਿਹਾ ਹੈ, ਜਿਸ ਦੀ ਅਗਵਾਈ ਨਵਨੀਤ ਕਪੂਰ ਕਰਨਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਿੰਦੂਆਂ ਅਤੇ ਹਿੰਦੂ ਸਮੁਦਾਇ ਨੂੰ ਜਲਦ ਹਥਿਆਰ ਮੁਹੱਈਆ ਕਰਵਾਏ ਜਾਣ।


Related News