ਉਦਘਾਟਨ ਤੋਂ ਪਹਿਲਾਂ ਹੀ ਨਵੇਂ ਬਣ ਰਹੇ ਕੈਂਸਰ ਹਸਪਤਾਲ ਦੀ ਛੱਤ ਉਡੀ
Tuesday, Jun 07, 2016 - 01:43 PM (IST)
ਸੰਗਰੂਰ (ਯਾਦਵਿੰਦਰ)— ਸੰਗਰੂਰ ਪਟਿਆਲਾ ਮੁੱਖ ਮਾਰਗ ਤੇ ਪਿੰਡ ਘਾਬਦਾਂ ''ਚ ਪੀ.ਜੀ.ਆਈ. ਪੈਟਰਨ ''ਤੇ ਬਣ ਰਿਹਾ ਹਸਪਤਾਲ ਦੀਆਂ ਖਾਮੀਆਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉਕਤ ਹਸਪਤਾਲ ਦੀ ਤਿਆਰ ਹੋ ਰਹੀ ਓ.ਪੀ.ਡੀ. ਦੀ ਛੱਤ ਆਈ ਹਲਕੀ ਹਨੇਰੀ ਨਾਲ ਹੀ ਉਡ ਗਈ। ''ਜਗ ਬਾਣੀ'' ਟੀਮ ਨੇ ਜਦੋਂ ਉਕਤ ਕੈਂਸਰ ਹਸਪਤਾਲ ਦੀ ਓ.ਪੀ.ਡੀ. ਦਾ ਦੌਰਾ ਕੀਤਾ ਤਾਂ ਵੇਖਿਆ ਕਿ ਹਸਪਤਾਲ ਦੀ ਉਪਰਲੀ ਨਵੀਂ ਪਾਈ ਛੱਤ ਕਈ ਥਾਵਾਂ ਤੋਂ ਟੁੱਟ ਚੁੱਕੀ ਸੀ ਤੇ ਟੁੱਟੀ ਛੱਤ ਦਾ ਕਾਫੀ ਹਿੱਸਾ ਥੱਲੇ ਡਿੱਗਾ ਪਿਆ ਸੀ। ਜਦੋਂ ਬਣ ਰਹੇ ਇਸ ਹਸਪਤਾਲ ਦੀ ਬਿਲਕੁਲ ਨਵੀਂ ਤਿਆਰ ਹੋ ਰਹੀ ਬਿਲਡਿੰਗ ਦੀ ਛੱਤ ਦਾ ਇੰਝ ਟੁੱਟਣਾ ਇੱਥੇ ਹੋ ਰਹੇ ਕੰਮਾਂ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਕਿਉਂਕਿ ਅਜੇ ਤਾਂ ਇਸ ਹਸਪਤਾਲ ਦੀ ਓ.ਪੀ.ਡੀ. ਦਾ ਉਦਘਾਟਨ ਵੀ ਨਹੀਂ ਹੋਇਆ ਤੇ ਇਸ ਦੀ ਛੱਤ ਆਈ ਹਨੇਰੀ ਨਾਲ ਹੀ ਉਡ ਗਈ।
ਦੱਸਣਯੋਗ ਹੈ ਕਿ ਇੱਥੇ ਕੰਮ ਚਲਦਾ ਹੋਣ ਕਾਰਨ ਦਿਨੇ ਮਜ਼ਦੂਰ ਕੰਮ ਕਰਦੇ ਹਨ ਤੇ ਇਹ ਛੱਤ ਰਾਤ ਨੂੰ ਆਈ ਹਨੇਰੀ ਦੌਰਾਨ ਟੁੱਟੀ। ਜੇਕਰ ਦਿਨੇ ਛੱਤ ਉਡਦੀ ਤਾਂ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਇਹ ਹਸਪਤਾਲ ਠੇਕੇਦਾਰ ਦੁਆਰਾ ਪੀ.ਜੀ.ਆਈ. ਦੇ ਅਧਿਕਾਰੀਆਂ ਦੀ ਦੇਖ ਰੇਖ ''ਚ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਤਿਆਰ ਹੋਣ ਦੌਰਾਨ ਹੀ ਇਸ ਦੀ ਛੱਤ ਦਾ ਉਡਣਾ ਜਿੱਥੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੇ ਘੇਰੇ ''ਚ ਲਿਆਉਂਦੀ ਹੈ ਉਥੇ ਹੀ ਠੇਕੇਦਾਰ ਵਲੋਂ ਕੀਤੇ ਜਾ ਰਹੇ ਕੰਮਾਂ ''ਚ ਲਾਪ੍ਰਵਾਹੀ ਨੂੰ ਵੀ ਜ਼ਾਹਰ ਕਰਦੀ ਹੈ।
ਉਚ ਪੱਧਰੀ ਹੋਵੇ ਜਾਂਚ : ਉਕਤ ਹਸਪਤਾਲ ''ਚ ਚਲ ਰਹੇ ਕਾਰਜਾਂ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਮੌਕੇ ਤੇ ਹਾਜ਼ਰ ਜਾਗਦੇ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਇੱਥੇ ਬਹੁਤ ਧਾਂਧਲੀਆਂ ਹੋ ਰਹੀਆਂ ਹਨ। ਜੇਕਰ ਇੱਥੇ ਲੱਗੇ ਮਟੀਰੀਅਲ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ।
