87 ਫੀਸਦੀ ਘੱਟ ਹੋ ਸਕਦੇ ਹਨ ਕੈਂਸਰ ਦੀਆਂ ਦਵਾਈਆਂ ਦੇ ਰੇਟ

Sunday, Mar 17, 2019 - 09:48 AM (IST)

87 ਫੀਸਦੀ ਘੱਟ ਹੋ ਸਕਦੇ ਹਨ ਕੈਂਸਰ ਦੀਆਂ ਦਵਾਈਆਂ ਦੇ ਰੇਟ

ਲੁਧਿਆਣਾ (ਸਹਿਗਲ) - ਸਰਕਾਰ ਨੇ ਕੈਂਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ 390 ਦਵਾਈਆਂ ਦੇ ਵਧ ਤੋਂ ਵਧ ਖੁਦਰਾ ਮੁੱਲ 'ਚ 87 ਫੀਸਦੀ ਦੀ ਕਮੀ ਕਰਨ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਸਾਲਾਨਾ 800 ਕਰੋੜ ਰੁਪਏ ਦੀ ਬੱਚਤ ਹੋਵੇਗੀ। ਕੈਮੀਕਲ ਐਂਡ ਫਰਟੀਲਾਈਜ਼ਰ ਮੰਤਰਾਲੇ ਦੇ ਤਹਿਤ ਰਾਸ਼ਟਰੀ ਦਵਾ ਮੁੱਲ ਨਿਰਧਾਰਣ ਪ੍ਰਾਧੀਕਰਨ (ਐੱਨ. ਪੀ. ਪੀ. ਏ.) ਨੇ 27 ਫਰਵਰੀ ਨੂੰ 42 ਗੈਰ ਅਨੁਸੂਚਿਤ (ਨਾਨ ਸ਼ਡਿਊਲ) ਕੈਂਸਰ ਦਵਾਈਆਂ ਨੂੰ ਡਰੱਗ ਰੇਟ ਕੰਟਰੋਲ ਵਿਵਸਥਾ ਦੇ ਤਹਿਤ ਸ਼ਾਮਲ ਕਰ ਲਿਆ। ਇਨ੍ਹਾਂ ਦਵਾਈਆਂ ਦੇ ਵਪਾਰ ਮਾਰਜਨ ਨੂੰ 30 ਫੀਸਦੀ ਤੱਕ ਸੀਮਤ ਕਰ ਦਿੱਤਾ ਗਿਆ ਹੈ। ਐੱਨ. ਪੀ. ਪੀ. ਏ. ਨੇ ਸਾਰੇ ਦਵਾਈ ਨਿਰਮਾਤਾਵਾਂ ਅਤੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ ਦਵਾਈਆਂ 'ਤੇ ਨਵੇਂ ਰੇਟ ਲਾਗੂ ਕਰਨ। ਨਵੇਂ ਰੇਟ 8 ਮਾਰਚ ਤੋਂ ਲਾਗੂ ਕਰ ਦਿੱਤੇ ਗਏ ਹਨ।

22 ਲੱਖ ਮਰੀਜ਼ਾਂ ਨੂੰ ਹੋਵੇਗਾ ਲਾਭ
ਕੈਂਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਕਮੀ ਨਾਲ ਦੇਸ਼ ਵਿਚ ਕੈਂਸਰ ਤੋਂ ਪੀੜਤ 22 ਲੱਖ ਤੋਂ ਜ਼ਿਆਦਾ ਮਰੀਜ਼ਾਂ ਨੂੰ ਲਾਭ ਹੋਵੇਗਾ। ਇਸ ਨਾਲ 800 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਦਾਹਰਣ ਵਜੋਂ ਬਾਜ਼ਾਰ ਵਿਚ ਮੁਹੱਈਆ ਪ੍ਰੋਟੀਓਜ਼ ਦੇ ਢਾਈ ਐੱਮ. ਜੀ. ਇੰਜੈਕਸ਼ਨ ਦੀ ਕੀਮਤ ਹੁਣ ਤਕ ਕਰੀਬ 18 ਹਜ਼ਾਰ ਰੁਪਏ ਸੀ। ਇਸ ਦੇ ਰੇਟ ਵਿਚ 81 ਫੀਸਦੀ ਕਮੀ ਆਈ ਹੈ। ਹੁਣ ਇਹ ਇੰਜੈਕਸ਼ਨ 3415 ਰੁਪਏ ਵਿਚ ਮੁਹੱਈਆ ਹੋਵੇਗਾ। ਐੱਨ. ਪੀ. ਪੀ. ਏ. ਦੇ ਮੁਤਾਬਕ ਇਸ ਫੈਸਲੇ ਤੋਂ ਬਾਅਦ 124 ਕੰਪਨੀਆਂ ਦੀਆਂ ਦਵਾਈਆਂ ਵਿਚ 75 ਫੀਸਦੀ ਤਕ ਕਮੀ ਆਵੇਗੀ। ਨਾਲ ਹੀ 121 ਬ੍ਰਾਂਡਾਂ ਦੀਆਂ ਦਵਾਈਆਂ ਵਿਚ 25 ਤੋਂ 50 ਫੀਸਦੀ 107 ਬ੍ਰਾਂਡਾਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿਚ 25 ਫੀਸਦੀ ਅਤੇ 38 ਬ੍ਰਾਂਡਾਂ ਦੀਆਂ ਦਵਾਈਆਂ ਵਿਚ 75 ਫੀਸਦੀ ਤੋਂ ਜ਼ਿਆਦਾ ਦੀ ਕਟੌਤੀ ਹੋਵੇਗੀ। ਦਵਾ ਕੰਪਨੀਆਂ ਨੂੰ ਬਾਜ਼ਾਰ ਤੋਂ ਮਾਲ ਵਾਪਸ ਲੈ ਕੇ ਨਵੀਆਂ ਕੀਮਤਾਂ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਲੰਘਣਾਂ ਕਰਨ 'ਤੇ ਸਾਰੇ ਰਾਜਾਂ ਦੇ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਕਈ ਕਾਰਪੋਰੇਟ ਹਸਪਤਾਲ ਹੁਣ ਵੀ ਇਨ੍ਹਾਂ ਨਿਰਦੇਸ਼ਾਂ ਦਾ ਪਾਲਣਾ ਨਹੀਂ ਕਰ ਰਹੇ ਦੱਸੇ ਜਾਂਦੇ ਹਨ, ਕਿਉਂਕਿ ਕੀਮਤਾਂ ਵਿਚ ਕਮੀ ਦਾ ਨੁਕਸਾਨ ਵੱਡੇ ਹਸਪਤਾਲਾਂ ਨੂੰ ਹੋਣ ਵਾਲਾ ਹੈ, ਜੋ ਕੈਂਸਰ ਦੀਆਂ ਦਵਾਈਆਂ ਪ੍ਰਿੰਟ ਰੇਟ 'ਤੇ ਵੇਚ ਰਹੇ ਸਨ।

ਪੰਜਾਬ ਵਿਚ ਵਧੇ ਕੈਂਸਰ ਦੇ ਮਰੀਜ਼ : ਡਾ. ਯੋਗੇਸ਼
ਮੋਹਨ ਦੇਈ ਕੈਂਸਰ ਓਸਵਾਲ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਰ ਡਾ. ਯੋਗੇਸ਼ ਦਾ ਕਹਿਣਾ ਹੈ ਕਿ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਘੱਟ ਹੋਣ ਨਾਲ ਯਕੀਨਨ ਇਸ ਨਾਲ ਮਰੀਜ਼ਾਂ ਨੂੰ ਲਾਭ ਹੋਵੇਗਾ। ਜਿਸ ਦਵਾਈ ਦੀ ਕੀਮਤ 63 ਹਜ਼ਾਰ ਸੀ, ਉਹ 20 ਹਜ਼ਾਰ ਵਿਚ ਮਿਲੇਗੀ, ਜੋ ਲਾਭ ਕਾਰਪੋਰੇਟ ਹਸਪਤਾਲ ਕਮਾ ਰਹੇ ਸਨ, ਉਸ ਵਿਚ ਭਾਰੀ ਕਮੀ ਆਵੇਗੀ। ਜਦੋਂਕਿ ਕੰਪਨੀਆਂ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ। ਡਾ. ਯੋਗੇਸ਼ ਅਰੋੜਾ ਨੇ ਸੂਬੇ ਵਿਚ ਵਧ ਰਹੇ ਕੈਂਸਰ ਦੇ ਮਰੀਜ਼ਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪਹਿਲਾਂ ਤੋਂ ਵਧੇ ਹਨ। ਇਸ ਦੇ ਲਈ ਖੇਤੀ ਵਿਚ ਵਰਤੀਆਂ ਜਾਣ ਵਾਲੀਆਂ ਕੀੜੇਮਾਰ ਦਵਾਈਆਂ ਜ਼ਿੰਮੇਦਾਰ ਹਨ। ਹੁਣ ਤਾਂ ਬਠਿੰਡਾ ਤੋਂ ਇਲਾਵਾ ਲੁਧਿਆਣਾ ਵਿਚ ਕੀਤੇ ਗਏ ਸਰਵੇ ਵਿਚ ਲੋਕਾਂ ਦੇ ਬਲੱਡ ਸੈਂਪਲਾਂ ਵਿਚ ਕੀੜੇਮਾਰ ਦਵਾਈਆਂ ਮਿਲ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ, ਬਠਿੰਡਾ, ਮੁਕਤਸਰ ਵਿਚ ਇਕ ਲੱਖ ਦੀ ਆਬਾਦੀ ਪਿੱਛੇ ਲਗਭਗ 136 ਕੈਂਸਰ ਦੇ ਮਰੀਜ਼ ਹਨ। ਮੋਹਾਲੀ ਵਿਚ 94 ਅਤੇ ਲੁਧਿਆਣਾ ਵਿਚ ਇਕ ਲੱਖ ਪਿੱਛੇ 90 ਮਰੀਜ਼ ਸਾਹਮਣੇ ਆ ਰਹੇ ਹਨ। ਜਲੰਧਰ ਵਿਚ ਵੀ ਇਹ ਅੰਕੜਾ ਇਸ ਦੇ ਆਸ-ਪਾਸ ਹੀ ਹੈ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿਚ ਇਕ ਲੱਖ ਪਿੱਛੇ 108 ਅਤੇ ਫਰੀਦਕੋਟ ਵਿਚ ਇਹ ਅੰਕੜਾ 134 ਦਾ ਹੈ। ਰਾਜ ਵਿਚ ਕੈਂਸਰ ਦੇ ਕੇਸਾਂ ਵਿਚ ਕਮੀ ਲਿਆਉਣ ਲਈ ਹਵਾ, ਪਾਣੀ ਅਤੇ ਮਿੱਟੀ ਦੀ ਕੁਆਲਟੀ ਵਿਚ ਸੁਧਾਰ ਲਿਆਉਣਾ ਪਵੇਗਾ। ਡਾ. ਯੋਗੇਸ਼ ਮੁਤਾਬਕ ਦਵਾਈਆਂ ਦੀਆਂ ਕੀਮਤਾਂ ਵਿਚ ਕਮੀ ਮਰੀਜ਼ ਜ਼ਿਆਦਾ ਗਿਣਤੀ ਵਿਚ ਪਹਿਲੀ ਸਟੇਜ ਵਿਚ ਸਾਹਮਣੇ ਆਉਣਗੇ ਜੋ ਇਲਾਜ ਮਹਿੰਗਾ ਹੋਣ ਕਾਰਨ ਆਖਰੀ ਸਟੇਜ 'ਤੇ ਸਾਹਮਣੇ ਆਉਂਦੇ ਸਨ ਅਤੇ ਮੌਤ ਦਰ ਵਧ ਜਾਂਦੀ ਸੀ। ਹੁਣ ਮੌਤ ਦਰ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ।


author

rajwinder kaur

Content Editor

Related News