ਰੱਦ ਹੋਏ ਨੀਲੇ ਕਾਰਡਧਾਰਕਾਂ ਨੂੰ ਫਿਰ ਮਿਲੇਗਾ ਰਾਸ਼ਨ
Tuesday, May 26, 2020 - 08:15 PM (IST)
ਲੁਧਿਆਣਾ,(ਹਿਤੇਸ਼)- ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਮੱਦੇਨਜ਼ਰ ਜਿੱਥੇ ਸਰਕਾਰ ਵੱਲੋਂ ਕੇਂਦਰ ਤੋਂ ਮਿਲਣ ਵਾਲੇ ਰਾਸ਼ਨ ਵਿਚ ਹਿੱਸਾ ਪਾਉਣ ਦੇ ਬਾਵਜੂਦ ਪੈਕੇਟ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਉਣ ਤੋਂ ਤੌਬਾ ਕਰ ਲਈ ਹੈ, ਨਾਲ ਹੀ ਕਾਂਗਰਸ ਦੇ ਹੀ ਕੁੱਝ ਨੇਤਾਵਾਂ ਵੱਲੋਂ ਵਿਰੋਧ ਜਤਾਉਣ ਤੋਂ ਬਾਅਦ ਰੱਦ ਕੀਤੇ ਗਏ ਨੀਲੇ ਕਾਰਡ ਬਹਾਲ ਕਰਨ ਦੀ ਤਿਆਰੀ ਵੀ ਸ਼ੁਰੂ ਹੋ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਪਹਿਲਾਂ ਵੈਰੀਫਿਕੇਸ਼ਨ ਰਿਪੋਰਟ ਦੇ ਅਧਾਰ ’ਤੇ ਅਯੋਗ ਐਲਾਨੇ ਗਏ ਕਾਰਡ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਹੁਣ ਕੋਰੋਨਾ ਕਾਰਨ ਲੋਕਾਂ ਨੂੰ ਮਦਦ ਦੀ ਲੋੜ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਪਹਿਲਾਂ ਕਾਰਡ ਬਣੇ ਹੋਏ ਸਨ ਅਤੇ ਹੁਣ ਰਾਸ਼ਨ ਦੀ ਲੋੜ ਹੈ, ਜਿਨ੍ਹਾਂ ਦੀ ਹੁਣ ਕੋਰੋਨਾ ਦੇ ਦੌਰਾਨ ਵੈਰੀਫਿਕੇਸ਼ਨ ਨਹੀਂ ਹੋ ਸਕੀ। ਇਸ ਲਈ ਉਨ੍ਹਾਂ ਦੇ ਨਾਂ ਹਾਲ ਦੀ ਘੜੀ ਬਿਨਾਂ ਵੈਰੀਫਿਕੇਸ਼ਨ ਆਨਲਾਈਨ ਸਿਸਟਮ ਵਿਚ ਅਪਲੋਡ ਕਰ ਕੇ ਜਲਦੀ ਹੀ ਰਾਸ਼ਨ ਅਲਾਟ ਕਰ ਦਿੱਤਾ ਜਾਵੇਗਾ।
ਸਟੇਟਸ ਰਿਪੋਰਟ
-ਪੰਜਾਬ ਵਿਚ 1.41 ਕਰੋੜ ਹਨ ਨੀਲੇ ਕਾਰਡਧਾਰੀ
-ਪਰਿਵਾਰ ਦੇ ਇਕ ਮੈਂਬਰ ਨੂੰ ਮਿਲਦੀ ਹੈ 5 ਕਿਲੋ ਕਣਕ
-6 ਮਹੀਨੇ ਦੇ ਸਰਕਲ ’ਚ ਦਿੱਤਾ ਜਾਂਦਾ ਹੈ ਰਾਸ਼ਨ
12 ਫੀਸਦੀ ਲੋਕਾਂ ਨੂੰ ਫਿਰ ਕਰਨਾ ਹੋਵੇਗਾ ਅਪਲਾਈ
ਜਾਣਕਾਰੀ ਮੁਤਾਬਕ ਸਰਕਾਰ ਵੱਲੋਂ 12 ਫੀਸਦੀ ਲੋਕਾਂ ਦੇ ਨੀਲੇ ਕਾਰਡ ਇਸ ਲਈ ਰੱਦ ਕਰ ਦਿੱਤੇ ਹਨ ਕਿ ਉਹ ਅਧਾਰ ਕਾਰਡ ਨਾਲ ਲਿੰਕ ਕਰ ਕੇ ਈ-ਪੋਸ਼ ਮਸ਼ੀਨ ਲਾਗੂ ਕਰਨ ਤੋਂ ਬਾਅਦ ਤਿੰਨ ਵਾਰ ਰਾਸ਼ਨ ਲੈਣ ਹੀ ਨਹੀਂ ਆਏ, ਜਿਨ੍ਹਾਂ ਨੂੰ ਫਰਜ਼ੀ ਕਾਰਡਧਾਰਕਾਂ ਦੀ ਕੈਟਾਗਰੀ ’ਚ ਸ਼ਾਮਲ ਕੀਤਾ ਗਿਆ। ਹੁਣ ਇਨ੍ਹਾਂ ਲੋਕਾਂ ਦੇ ਕਾਰਡ ਬਹਾਲ ਨਹੀਂ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਮੰਤਰੀ ਆਸ਼ੂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਦਾ ਹੈ ਕਿ ਉਸ ਦਾ ਕਾਰਡ ਗਲਤ ਤਰੀਕੇ ਨਾਲ ਕੱਟਿਆ ਗਿਆ ਹੈ ਅਤੇ ਉਹ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਮੁੜ ਅਪਲਾਈ ਕਰ ਸਕਦਾ ਹੈ।